ਕੈਨੇਡਾ : ਪੰਜਾਬੀ ਮੂਲ ਦੀ MP ਕਮਲ ਖਹਿਰਾ ਨੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ
Monday, Jan 04, 2021 - 01:15 PM (IST)
ਓਟਾਵਾ- ਕੋਰੋਨਾ ਵਾਇਰਸ ਪਾਬੰਦੀਆਂ ਦੌਰਾਨ ਕੈਨੇਡਾ ਵਿਚ ਕਈ ਰਾਜਨੀਤਕ ਮੈਂਬਰ ਵਿਦੇਸ਼ ਯਾਤਰਾ 'ਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਵਿਚ ਪੰਜਾਬੀ ਮੂਲ ਦੀ ਐੱਮ. ਪੀ. ਕਮਲ ਖਹਿਰਾ 'ਤੇ ਵੀ ਗਾਜ਼ ਡਿੱਗੀ ਹੈ। ਖਹਿਰਾ ਨੇ ਲਿਬਰਲ ਸਰਕਾਰ ਦੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਹਾਲਾਂਕਿ ਉਹ ਐੱਮ. ਪੀ. ਵਜੋਂ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿਣਗੇ।
ਬਰੈਂਪਟਨ ਵੈਸਟ ਤੋਂ ਐੱਮ. ਪੀ. ਕਮਲ ਖਹਿਰਾ ਨੇ ਟਵੀਟ ਕਰਦਿਆਂ ਦੱਸਿਆ ਕਿ ਉਹ 23 ਦਸੰਬਰ ਤੋਂ 31 ਦਸੰਬਰ ਤੱਕ ਅਮਰੀਕਾ ’ਚ ਸਨ, ਜਿੱਥੇ ਉਹ ਵਾਸ਼ਿੰਗਟਨ ਸੂਬੇ ਦੇ ਸਿਆਟਲ ਵਿੱਚ ਆਪਣੇ ਰਿਸ਼ਤੇਦਾਰ ਦੀ ਮੌਤ ਮਗਰੋਂ ਦੁੱਖ ਪ੍ਰਗਟ ਕਰਨ ਲਈ ਉਨ੍ਹਾਂ ਦੇ ਘਰ ਗਏ ਸਨ।
ਕਮਲਾ ਖਹਿਰਾ ਕੈਨੇਡਾ ਦੇ ਕੌਮਾਂਤਰੀ ਵਿਕਾਸ ਮੰਤਰੀ ਕਰਿਨਾ ਗੋਲਡ ਦੀ ਸੰਸਦੀ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਨੇ ਸੰਸਦੀ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਉਹ ਬਰੈਂਪਟਨ ਵੈਸਟ ਤੋਂ ਐੱਮ. ਪੀ. ਵਜੋਂ ਸੇਵਾਵਾਂ ਨਿਭਾਉਂਦੇ ਰਹਿਣਗੇ।
ਜ਼ਿਕਰਯੋਗ ਹੈ ਕਿ ਖਹਿਰਾ ਪਹਿਲੀ ਲਿਬਰਲ ਐੱਮ. ਪੀ. ਹੈ, ਜੋ ਮਾਰਚ ਮਹੀਨੇ ਕੋਰੋਨਾ ਦੀ ਲਪੇਟ ਵਿਚ ਆਈ ਸੀ। ਉਸ ਸਮੇਂ ਉਹ ਇਕ ਨਰਸ ਵਜੋਂ ਵੀ ਸੇਵਾਵਾਂ ਨਿਭਾਅ ਕੇ ਮਰੀਜ਼ਾਂ ਦੀ ਦੇਖਭਾਲ ਕਰ ਰਹੀ ਸੀ। ਖਹਿਰਾ ਨੇ ਕਿਹਾ ਕਿ ਉਹ ਕੋਰੋਨਾ ਵੈਕਸੀਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਕੰਮ ਕਰਦੀ ਰਹੇਗੀ। ਉਸ ਨੇ ਕਿਹਾ ਕਿ ਜਿੱਥੇ ਵੀ ਇਕ ਨਰਸ ਵਜੋਂ ਉਸ ਦੀ ਜ਼ਰੂਰਤ ਹੋਵੇਗੀ, ਉਹ ਸੇਵਾ ਲਈ ਹਾਜ਼ਰ ਹੋਵੇਗੀ। ਖਹਿਰਾ 2015 ਵਿਚ ਐੱਮ. ਪੀ. ਚੁਣੀ ਗਈ ਸੀ।
ਇਹ ਵੀ ਪੜ੍ਹੋ- ਕੈਲੀਫੋਰਨੀਆ 'ਚ ਕੋਰੋਨਾ ਦਾ ਕਹਿਰ, ਮੁਰਦਾਘਰਾਂ 'ਚ ਲਾਸ਼ਾਂ ਰੱਖਣ ਲਈ ਨਹੀਂ ਬਚੀ ਥਾਂ
ਜ਼ਿਕਰਯੋਗ ਹੈ ਕਿ ਕੈਨੇਡਾ ਨੇ ਕੋਰੋਨਾ ਪਾਬੰਦੀਆਂ ਤਹਿਤ ਹਰ ਵਿਅਕਤੀ ਨੂੰ ਗੈਰ-ਜ਼ਰੂਰੀ ਯਾਤਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਸੀ ਪਰ ਕਈ ਰਾਜਨੀਤਕ ਅਧਿਕਾਰੀ ਵਿਦੇਸ਼ ਯਾਤਰਾ ਕਰ ਰਹੇ ਹਨ ਤੇ ਓਂਟਾਰੀਓ ਦੇ ਖਜ਼ਾਨਾ ਮੰਤਰੀ ਨੂੰ ਤਾਂ ਅਸਤੀਫ਼ਾ ਤੱਕ ਦੇਣਾ ਪੈ ਗਿਆ।
►ਕੀ ਰਾਜਨੀਤਕ ਅਧਿਕਾਰੀਆਂ ਨੂੰ ਵੀ ਗੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਲੋੜ ਹੈ? ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਇ