''ਰੱਦ ਕਰਾਵਾਂਗੇ ਚੋਣਾਂ..!'', ਕਰਾਰੀ ਹਾਰ ਮਗਰੋਂ ਬੋਲਸੋਨਾਰੋ ਨੇ ਕੀਤਾ ਵੱਡਾ ਐਲਾਨ
Monday, Oct 26, 2026 - 11:16 AM (IST)
ਇੰਟਰਨੈਸ਼ਨਲ ਡੈਸਕ- ਦੱਖਣੀ ਅਮਰੀਕਾ ਦੇ ਸਭ ਤੋਂ ਵੱਡੇ ਦੇਸ਼ ਬ੍ਰਾਜ਼ੀਲ 'ਚ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਚੋਣਾਂ 'ਚ ਲੂਲਾ ਡਾ ਸਿਲਵਾ ਨੇ ਸ਼ਾਨਦਾਰ ਜਿੱਤ ਦਰਜ ਕੀਤੀ ਹੈ ਤੇ ਉਹ ਚੌਥੀ ਵਾਰ ਦੇਸ਼ ਦੇ ਰਾਸ਼ਟਰਪਤੀ ਚੁਣੇ ਗਏ ਹਨ। ਉੱਥੇ ਹੀ ਸੱਜੇਪੱਖੀ ਆਗੂ ਫਲਾਵੀਓ ਬੋਲਸੋਨਾਰੋ ਨੇ ਐਤਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੇ ਦੂਜੇ ਗੇੜ 'ਚ ਲੂਲਾ ਡਾ ਸਿਲਵਾ ਹੱਥੋਂ ਮਿਲੀ ਕਰੀਬੀ ਹਾਰ ਨੂੰ ਸਵੀਕਾਰ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ।
ਬੋਲਸੋਨਾਰੋ ਨੇ ਬਿਨਾਂ ਕੋਈ ਠੋਸ ਸਬੂਤ ਪੇਸ਼ ਕੀਤੇ ਚੋਣਾਂ 'ਚ ਗੜਬੜੀ ਦੇ ਦੋਸ਼ ਲਗਾਉਂਦੇ ਹੋਏ ਆਪਣੀ ਕਾਨੂੰਨੀ ਟੀਮ ਰਾਹੀਂ ਅਦਾਲਤ 'ਚ ਚੋਣਾਂ ਨੂੰ ਰੱਦ ਕਰਵਾਉਣ ਦੀ ਮੰਗ ਕਰਨ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਵੱਲੋਂ 99.77 ਫ਼ੀਸਦੀ ਵੋਟਾਂ ਦੀ ਗਿਣਤੀ ਤੋਂ ਬਾਅਦ ਜਾਰੀ ਅੰਕੜਿਆਂ ਅਨੁਸਾਰ, ਮੌਜੂਦਾ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੂੰ 51.76 ਫ਼ੀਸਦੀ ਵੋਟਾਂ ਮਿਲੀਆਂ, ਜਦਕਿ ਫਲਾਵੀਓ ਬੋਲਸੋਨਾਰੋ ਨੂੰ 48.24 ਫ਼ੀਸਦੀ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
ਹਾਰ ਮਗਰੋਂ ਫਲਾਵੀਓ ਬੋਲਸੋਨਾਰੋ ਨੇ ਚੋਣ ਨਤੀਜਿਆਂ ਨੂੰ 'ਅਸਪਸ਼ਟ' ਦੱਸਦਿਆਂ ਸੁਪਰੀਮ ਫੈਡਰਲ ਕੋਰਟ ਦੇ ਜੱਜ ਕ੍ਰਿਸਟੀਆਨੋ ਜ਼ਾਨਿਨ ਦੁਆਰਾ ਆਖਰੀ ਸਮੇਂ ਵੋਟਿੰਗ ਦਾ ਸਮਾਂ 2 ਘੰਟੇ, ਭਾਵ ਸ਼ਾਮ 7 ਵਜੇ ਤੱਕ ਵਧਾਉਣ ਦੇ ਫੈਸਲੇ 'ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਲੂਲਾ ਦੇ ਸਮਰਥਕ ਜੱਜਾਂ ਨੇ ਚੋਣ ਨਿਯਮਾਂ 'ਚ ਬਦਲਾਅ ਕੀਤਾ ਹੈ।
ਇਹ ਵੀ ਪੜ੍ਹੋ- 23 ਸਾਲ ਦੇ ਮੁੰਡੇ ਦਾ ਕਾਰਾ ! ਜੇਲ੍ਹ 'ਚੋਂ ਬਾਹਰ ਆ ਕੇ 'ਜਾਲ' 'ਚ ਫ਼ਸਾਈਆਂ ਦਿੱਲੀ ਪੁਲਸ ਦੀਆਂ 20 ਕਾਂਸਟੇਬਲਾਂ, ਫ਼ਿਰ...
ਉੱਥੇ ਹੀ ਜੱਜ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਦਾਲਤ ਨੇ ਵੋਟਿੰਗ ਦਾ ਸਮਾਂ ਇਸ ਲਈ ਵਧਾਇਆ ਸੀ ਕਿਉਂਕਿ ਲੂਲਾ ਦੀ ਪਾਰਟੀ ਨੇ ਦੋਸ਼ ਲਗਾਇਆ ਸੀ ਕਿ ਬੋਲਸੋਨਾਰੋ ਦੇ ਪ੍ਰਭਾਵ ਵਾਲੇ ਇਲਾਕਿਆਂ 'ਚ ਜਨਤਕ ਬਸਾਂ ਦੀ ਗਿਣਤੀ ਘਟਾ ਕੇ ਵੋਟਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੂਜੇ ਪਾਸੇ, ਫਲਾਵੀਓ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਲਿਬਰਲ ਪਾਰਟੀ ਦੇ ਇੰਸਪੈਕਟਰਾਂ ਨੂੰ ਚੋਣ ਪ੍ਰਕਿਰਿਆ ਦੌਰਾਨ ਸੀਕ੍ਰੇਟ ਰੂਮ 'ਚੋਂ ਬਾਹਰ ਕੱਢ ਦਿੱਤਾ ਗਿਆ ਸੀ।
ਜ਼ਿਕਰਯੋਗ ਹੈ ਕਿ 80 ਸਾਲਾ ਲੂਲਾ ਡਾ ਸਿਲਵਾ ਨੇ ਬ੍ਰਾਜ਼ੀਲ ਦੇ ਸਿਆਸੀ ਇਤਿਹਾਸ 'ਚ ਪਹਿਲੀ ਵਾਰ ਪਹਿਲੇ ਗੇੜ 'ਚ ਪਿੱਛੜਨ ਤੋਂ ਬਾਅਦ ਦੂਜੇ ਗੇੜ 'ਚ ਜਿੱਤ ਦਰਜ ਕਰਨ ਦਾ ਨਵਾਂ ਰਿਕਾਰਡ ਬਣਾਇਆ ਹੈ। ਇਸ ਜਿੱਤ ਨਾਲ ਲੂਲਾ ਆਪਣੇ ਪੂਰੇ ਕਾਰਜਕਾਲ ਦੇ ਅੰਤ ਤੱਕ ਕੁੱਲ 16 ਸਾਲ ਸ਼ਾਸਨ ਕਰਨ ਵਾਲੇ ਬ੍ਰਾਜ਼ੀਲ ਦੇ ਲੋਕਤੰਤਰੀ ਇਤਿਹਾਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਨਿਭਾਉਣ ਵਾਲੇ ਆਗੂ ਬਣ ਜਾਣਗੇ।
ਜਿੱਤ ਤੋਂ ਬਾਅਦ ਲੂਲਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ, "ਬ੍ਰਾਜ਼ੀਲ ਦੇ ਲੋਕਾਂ ਨੇ ਡਿਜੀਟਲ ਪਲੇਟਫਾਰਮਾਂ ਰਾਹੀਂ ਚੋਣਾਂ 'ਚ ਹੋਈ ਵਿਦੇਸ਼ੀ ਦਖਲਅੰਦਾਜ਼ੀ ਨੂੰ ਹਰਾ ਕੇ ਲੋਕਤੰਤਰ ਦੀ ਰੱਖਿਆ ਕੀਤੀ ਹੈ। ਬ੍ਰਾਜ਼ੀਲ ਕਿਸੇ ਦਾ 'ਵਿਹੜਾ' ਨਹੀਂ ਹੈ।" ਮਾਹਿਰਾਂ ਅਨੁਸਾਰ, ਲੂਲਾ ਦੀ ਇਸ ਜਿੱਤ ਨਾਲ ਦੱਖਣੀ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਬ੍ਰਾਜ਼ੀਲ, ਅਮਰੀਕਾ ਦੇ ਟਰੰਪ ਪ੍ਰਸ਼ਾਸਨ ਨਾਲ ਤਣਾਅ ਵਿਚਾਲੇ ਗਲੋਬਲ ਸਾਊਥ ਅਤੇ ਚੀਨ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ- ਚੌਥੀ ਵਾਰ ਬ੍ਰਾਜ਼ੀਲ ਦੇ ਰਾਸ਼ਟਰਪਤੀ ਬਣੇ ਲੂਲਾ ਡਾ ਸਿਲਵਾ ! ਦੁਨੀਆ ਭਰ ਤੋਂ ਮਿਲ ਰਹੀਆਂ ਵਧਾਈਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
