ਚੀਨ 'ਚ ਵੱਧ ਰਹੀ ਹੈ ਗਧਿਆਂ ਦੀ ਮੰਗ, ਵਜ੍ਹਾ ਹੈ ਇਹ
Friday, Jun 15, 2018 - 11:21 AM (IST)

ਬੀਜਿੰਗ (ਭਾਸ਼ਾ)— ਚੀਨ ਵਿਚ ਜਿਲੇਟਿਨ ਦੀ ਮੰਗ ਵੱਧਣ ਕਾਰਨ ਅਫਰੀਕੀ ਦੇਸ਼ਾਂ ਤੋਂ ਕਾਲਾ ਬਾਜ਼ਾਰੀ ਜ਼ਰੀਏ ਗਧਿਆਂ ਦੀ ਖੱਲ ਨੂੰ ਚੀਨ ਭੇਜਿਆ ਜਾ ਰਿਹਾ ਹੈ। ਇਸ ਕਾਰਨ ਅਫਰੀਕਾ ਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੇ ਵੱਡੀ ਗਿਣਤੀ ਵਿਚ ਲੋਕ ਖੇਤੀਬਾੜੀ ਦੇ ਕੰਮਾਂ ਅਤੇ ਭਾਰੀ ਸਾਮਾਨ ਢੋਣ ਲਈ ਗਧਿਆਂ 'ਤੇ ਨਿਰਭਰ ਹੁੰਦੇ ਹਨ। ਹਾਲ ਹੀ ਵਿਚ ਜੋਸੇਫ ਕਾਮੋਨਜੋ ਕਾਰਿਊਕੀ ਦੇ ਤਿੰਨ ਗਧੇ ਲਾਪਤਾ ਹੋ ਗਏ ਸਨ ਅਤੇ ਬਾਅਦ ਵਿਚ ਇਨ੍ਹਾਂ ਸਾਰਿਆਂ ਦੇ ਅਵਸ਼ੇਸ਼ ਬਰਾਮਦ ਹੋਏ। ਕੀਨੀਆ ਤੋਂ ਲੈ ਕੇ ਬੁਰਕਿਨੀ ਫਾਸੋ, ਮਿਸਰ ਤੋਂ ਲੈ ਕੇ ਨਾਈਜੀਰੀਆ ਤੱਕ ਦੇ ਪਸ਼ੂ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਗਧੇ ਦੀ ਖੱਲ ਦੀ ਕਾਲਾ ਬਾਜ਼ਾਰੀ ਕਰਨ ਵਾਲੇ ਚੀਨ ਵਿਚ ਜਿਲੇਟਿਨ ਦੀ ਮੰਗ ਨੂੰ ਪੂਰਾ ਕਰਨ ਲਈ ਗਧਿਆਂ ਨੂੰ ਮਾਰ ਕੇ ਉਨ੍ਹਾਂ ਦੀ ਖੱਲ ਕੱਢਦੇ ਹਨ। ਜਿਲੇਟਿਨ ਗਧੇ ਦੀ ਖੱਲ ਤੋਂ ਬਣਦਾ ਹੈ ਅਤੇ ਇਸ ਦੀ ਵਰਤੋਂ ਸਿਹਤ ਖੇਤਰ ਵਿਚ ਹੁੰਦੀ ਹੈ। ਪਸ਼ੂ ਅਧਿਕਾਰ ਕਾਰਕੁੰਨਾਂ ਦਾ ਕਹਿਣਾ ਹੈ ਕਿ ਚੀਨ ਵਿਚ ਗਧਿਆਂ ਦੀ ਗਿਣਤੀ ਵਿਚ ਕਮੀ ਆਉਣ ਨਾਲ ਹੁਣ ਇਸ ਦੀ ਸਪਲਾਈ ਅਫਰੀਕਾ, ਆਸਟ੍ਰੇਲੀਆ ਅਤੇ ਦੱਖਣੀ ਅਮਰੀਕਾ ਤੋਂ ਹੋ ਰਹੀ ਹੈ।