ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੋਰਗੋ ਹਰਮਾਦਾ ਵਿਖੇ ਸਜਿਆ ਵਿਸ਼ਾਲ ਨਗਰ ਕੀਰਤਨ

Monday, Feb 20, 2023 - 12:46 AM (IST)

ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬੋਰਗੋ ਹਰਮਾਦਾ ਵਿਖੇ ਸਜਿਆ ਵਿਸ਼ਾਲ ਨਗਰ ਕੀਰਤਨ

ਰੋਮ (ਕੈਂਥ) : 14ਵੀਂ ਸਦੀ 'ਚ ਨਿਡਰਤਾ ਨਾਲ ਹੱਕ-ਸੱਚ ਦਾ ਹੋਕਾ ਦੇ ਕੇ ਸੁੱਤੀ ਮਾਨਵਤਾ ਨੂੰ ਜਗਾਉਣ ਵਾਲੇ ਮਹਾਨ ਇਨਕਲਾਬੀ ਯੋਧੇ, ਸ਼੍ਰੋਮਣੀ ਸੰਤ ਤੇ ਰਹਿਬਰਾਂ ਦੇ ਰਹਿਬਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 646ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸਾਹਿਬ ਸਿੰਘ ਸਭਾ ਬੋਰਗੋ ਹਰਮਾਦਾ ਤੇਰਾਚੀਨਾ (ਲਾਤੀਨਾ) ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪਿੰਡ ਬੋਰਗੋ ਹਰਮਾਦਾ ਵਿਖੇ ਸਜਾਇਆ ਗਿਆ। ਇਸ ਮਹਾਨ ਤੇ ਪਵਿੱਤਰ ਦਿਵਸ ਮੌਕੇ ਆਰੰਭੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪੰਰਤ ਰਾਤ ਦੇ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿੱਚ ਵੱਖ-ਵੱਖ ਪ੍ਰਚਾਰਕਾਂ ਤੇ ਕੀਰਤਨੀਆਂ ਨੇ ਗੁਰੂ ਰਵਿਦਾਸ ਜੀ ਦੀ ਮਹਿਮਾ ਸੰਗਤਾਂ ਨੂੰ ਸਰਵਣ ਕਰਵਾਈ।

ਇਹ ਵੀ ਪੜ੍ਹੋ : ਜਾਸੂਸੀ ਗੁਬਾਰੇ 'ਤੇ ਵਧਿਆ ਵਿਵਾਦ, ਅਮਰੀਕਾ ਦੀ ਚਿਤਾਵਨੀ ਤੋਂ ਬਾਅਦ ਚੀਨ ਨੇ ਦਿੱਤੀ ਇਹ ਧਮਕੀ

ਐਤਵਾਰ ਨੂੰ ਨਗਰ ਕੀਰਤਨ ਦੀ ਆਰੰਭਤਾ ਦੁਪਹਿਰ ਸਮੇਂ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕੀਤੀ ਗਈ, ਜਿਸ ਦੀ ਅਗਵਾਈ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਨੇ ਕੀਤੀ। ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਸਰਬੱਤ ਦੇ ਭਲੇ ਦੇ ਜੈਕਾਰੇ ਛੱਡਦਾ ਆਰੰਭ ਹੋਇਆ ਤੇ ਨਗਰ ਦੀ ਪਰਿਕਰਮਾ ਕਰਦਾ ਵਾਪਸ ਗੁਰਦੁਆਰਾ ਸਾਹਿਬ ਆ ਕੇ ਸਮਾਪਤ ਹੋਇਆ। ਨਗਰ ਕੀਰਤਨ ਦੀਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਜੂਸ, ਚਾਹ ਤੇ ਛੋਲਿਆਂ ਦੇ ਪ੍ਰਸ਼ਾਦ ਵਰਤਾਏ ਗਏ। ਧਾਰਮਿਕ ਦੀਵਾਨਾਂ ਤੋਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ ਦੇ ਜੈਕਾਰੇ ਬੁਲਾਉਂਦਿਆਂ ਸੰਗਤਾਂ ਨੇ ਗੁਰੂ ਮਹਿਮਾਨ ਦਾ ਗੁਣਗਾਨ ਵੀ ਕੀਤਾ।

ਇਹ ਵੀ ਪੜ੍ਹੋ : ਚੀਨ LAC ਨੇੜੇ ਨਵੀਂ ਰੇਲ ਲਾਈਨ ਵਿਛਾਉਣ ਦੀ ਤਿਆਰੀ 'ਚ, ਵਧੇਗੀ ਭਾਰਤ ਦੀ ਚਿੰਤਾ

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਵਿੱਚ ਪਹੁੰਚੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਓ ਸਾਰੇ ਅਸੀਂ ਰਲ-ਮਿਲ ਸਭ ਗੁਰੂ ਸਹਿਬਾਨ ਦੇ ਪੁਰਬ ਇਕੱਠੇ ਹੋ ਕੇ ਮਨਾਈਏ ਤੇ ਬਾਣੀ ਪੜ੍ਹ ਕੇ ਉਸ ਨੂੰ ਅਮਲੀਜਾਮਾ ਪਹਿਨਾਈਏ ਕਿਉਂਕਿ ਅਸੀਂ ਇਕ ਹੀ ਪਿਤਾ ਅਕਾਲ ਪੁਰਖ ਦੇ ਬੱਚੇ ਹਾਂ। ਇਸ ਨਗਰ ਕੀਰਤਨ ਵਿੱਚ ਇਲਾਕੇ ਭਰ ਤੋਂ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰਦਿਆਂ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਸਭ ਸੰਗਤਾਂ ਲਈ ਗੁਰੂ ਦੇ ਅਨੇਕਾਂ ਪ੍ਰਕਾਰ ਦੇ ਲੰਗਰ ਅਟੁੱਟ ਵਰਤੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News