IOC ਅਧਿਕਾਰੀ ਦਾ ਵੱਡਾ ਬਿਆਨ, ਟੋਕੀਓ ਓਲੰਪਿਕ ਟਲਣਾ ਤੈਅ
Tuesday, Mar 24, 2020 - 12:59 PM (IST)
ਸਪੋਰਟਸ ਡੈਸਕ : ਕੌਮਾਂਤਰੀ ਓਲੰਪਿਕ ਕਮੇਟੀ ਦੇ ਅਧਿਕਾਰੀ ਡਿਕ ਪਾਊਂਡ ਨੇ ਕਿਹਾ ਕਿ ਦੁਨੀਆ ਭਰ ਵਿਚ ਕੋਵਿਡ 19 ਦੇ ਕਹਿਰ ਕਾਰਨ ਇਸ ਸਾਲ ਟੋਕੀਓ ਓਲੰਪਿਕ ਟਲਣਾ ਤੈਅ ਹੈ। ਆਈ. ਓ. ਸੀ. ਨੇ ਐਤਵਾਰ ਨੂੰ ਕਿਹਾ ਕਿ ਉਹ 24 ਜੁਲਾਈ ਤੋਂ 9 ਅਗਸਤ ਤਕ ਹੋਣ ਵਾਲੇ ਖੇਡਾਂ ਦੇ ਬਾਰੇ ਵਿਚ 4 ਹਫਤਿਆਂ ਦੇ ਅੰਦਰ ਫੈਸਲਾ ਲਵੇਗੀ। ਪਾਊਂਡ ਦਾ ਮੰਨਣਾ ਹੈ ਕਿ ਆਈ. ਓ. ਸੀ. ਖੇਡਾਂ ਨੂੰ ਮੁਲਤਵੀ ਕਰਨ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ ਖੇਡਾਂ ਨੂੰ ਰੱਦ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਉਸ ਨੇ ਕਿਹਾ, ''ਆਈ. ਓ. ਸੀ. ਜਾਪਾਨ ਸਰਕਾਰ, ਕੌਮਾਂਤਰੀ ਮਹਾਸੰਘ ਅਤੇ ਕੌਮਾਂਤਰੀ ਓਲੰਪਿਕ ਕਮੇਟੀਆਂ ਨਾਲ ਗੱਲ ਕਰ ਕੇ ਹੀ ਫੈਸਲਾ ਲਿਆ ਜਾਵੇਗਾ। 4 ਹਫਤੇ ਦੇ ਅੰਦਰ ਪਲਾਨ-ਬੀ 'ਤੇ ਵਿਚਾਰ ਕੀਤਾ ਜਾਵੇਗਾ।'' ਉੱਥੇ ਹੀ ਆਈ. ਓ. ਸੀ. ਦੇ ਬੁਲਾਰੇ ਨੇ ਪਾਊਂਡ ਦੀ ਟਿੱਪਣੀ ਨੂੰ ਸਿੱਧਾ ਕੋਈ ਜਵਾਬ ਨਾ ਦਿੰਦਿਆਂ ਕਿਹਾ ਕਿ ਹਰ ਆਈ. ਓ. ਸੀ. ਮੈਂਬਰ ਨੂੰ ਕਾਰਜਕਾਰੀ ਬੋਰਡ ਦੇ ਫੈਸਲੇ ਦਾ ਆਪਣੇ ਹਿਸਾਬ ਨਾਲ ਅੰਦਾਜ਼ਾ ਲਾਉਣ ਦਾ ਅਧਿਕਾਰ ਹੈ ਪਰ ਇਸ 'ਤੇ ਤਸਵੀਰ ਸਾਫ ਹੋਣ 'ਚ ਹਜੇ ਸਮਾਂ ਲੱਗੇਗਾ।