ਇਮਰਾਨ ਨੂੰ ਵੱਡਾ ਝਟਕਾ ; ਬੇਭਰੋਸਗੀ ਮਤੇ ਤੋਂ ਪਹਿਲਾਂ 50 ਮੰਤਰੀ ‘ਲਾਪਤਾ’

Sunday, Mar 27, 2022 - 10:11 AM (IST)

ਇਮਰਾਨ ਨੂੰ ਵੱਡਾ ਝਟਕਾ ; ਬੇਭਰੋਸਗੀ ਮਤੇ ਤੋਂ ਪਹਿਲਾਂ 50 ਮੰਤਰੀ ‘ਲਾਪਤਾ’

ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ’ਚ ਸਰਕਾਰ ਬਚਾਉਣ ਲਈ ਜੱਦੋ-ਜਹਿਦ ਕਰ ਰਹੇ ਪ੍ਰਧਾਨ ਮੰਤਰੀ ਇਮਰਾਨ ਖਾਨ ਲਈ ਨਾ ਸਿਰਫ ਸਹਿਯੋਗੀ ਪਾਰਟੀਆਂ ਸਮੱਸਿਆ ਬਣੀਆਂ ਹੋਈਆਂ ਹਨ, ਸਗੋਂ ਖੁਦ ਉਨ੍ਹਾਂ ਦੇ ਮੰਤਰੀ ਵੀ ਹੁਣ ਸੰਕਟ ਦੀ ਇਸ ਘੜੀ ’ਚ ਉਨ੍ਹਾਂ ਦਾ ਸਾਥ ਨਹੀਂ ਦੇ ਰਹੇ ਹਨ।ਇਮਰਾਨ ਖਾਨ ਦੇ ਖਿਲਾਫ ਬੇਭਰੋਸਗੀ ਮਤੇ ਦੀ ਘੜੀ ਨੇੜੇ ਆ ਰਹੀ ਹੈ, ਉੱਥੇ ਹੀ ਸੱਤਾਧਿਰ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਨਾਲ ਜੁੜੇ 50 ਮੰਤਰੀ ਹੁਣ ਸਿਆਸੀ ਮੋਰਚੇ ਤੋਂ ‘ਲਾਪਤਾ’ ਹੋ ਗਏ ਹਨ। ਇਹ ਸਾਰੇ ਮੰਤਰੀ ਇਮਰਾਨ ਖਾਨ ਦੀ ਕੈਬਨਿਟ ਅਤੇ ਪੀ. ਟੀ. ਆਈ. ਦੀਆਂ ਸੂਬਾ ਸਰਕਾਰਾਂ ਨਾਲ ਜੁੜੇ ਹੋਏ ਹਨ।

ਪਾਕਿਸਤਾਨੀ ਅਖ਼ਬਾਰ ਐਕਸਪ੍ਰੈੱਸ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ 50 ਸੰਘੀ ਅਤੇ ਸੂਬਾਈ ਮੰਤਰੀ ਵਿਰੋਧੀ ਧਿਰ ਦੇ ਬੇਭਰੋਸਗੀ ਮਤਾ ਲਿਆਉਣ ਦੇ ਬਾਅਦ ਤੋਂ ਵਿਖਾਈ ਨਹੀਂ ਦਿੱਤੇ ਹਨ। ਇਨ੍ਹਾਂ ’ਚੋਂ 25 ਸੰਘੀ, ਸੂਬਾ ਸਰਕਾਰਾਂ ’ਚ ਸਲਾਹਕਾਰ ਅਤੇ ਵਿਸ਼ੇਸ਼ ਸਹਾਇਕ ਹਨ। ਇਸ ਤੋਂ ਇਲਾਵਾ 4 ਰਾਜ ਮੰਤਰੀ ਅਤੇ 4 ਸਲਾਹਕਾਰ ਹਨ। ਇਹ ਤਾਜ਼ਾ ਘਟਨਾਕ੍ਰਮ ਅਜਿਹੇ ਸਮੇਂ ਹੋਇਆ ਹੈ, ਜਦੋਂ ਸੱਤਾਧਾਰੀ ਪਾਰਟੀ ਦੇ ਕਈ ਮੰਤਰੀਆਂ ਨੇ ਚੁੱਪ ਵੱਟ ਲਈ ਹੈ, ਜਿਸ ਨਾਲ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ ਦਾ ਵੱਡਾ ਕਦਮ, ਕੀਵ ਨੂੰ ਸੁਰੱਖਿਆ ਸਹਾਇਤਾ ਵਜੋਂ ਦੇਵੇਗਾ 10 ਕਰੋੜ ਡਾਲਰ

ਓਧਰ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਖ਼ਿਲਾਫ਼ ਨੈਸ਼ਨਲ ਅਸੈਂਬਲੀ ’ਚ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ’ਤੇ 3 ਅਤੇ 4 ਅਪ੍ਰੈਲ ਨੂੰ ਵੋਟਿੰਗ ਹੋ ਸਕਦੀ ਹੈ। ਸ਼ੇਖ ਰਸ਼ੀਦ ਨੇ ਛੇਤੀ ਚੋਣਾਂ ਕਰਾਉਣ ਦਾ ਵੀ ਸੰਕੇਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਹੋਣ ਤੋਂ ਤੁਰੰਤ ਬਾਅਦ ਬੇਭਰੋਸਗੀ ਮਤੇ ’ਤੇ ਵੋਟਿੰਗ ਕਰਵਾਈ ਜਾ ਸਕਦੀ ਹੈ।ਰਸ਼ੀਦ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਬਜਟ ਤੋਂ ਬਾਅਦ ਚੋਣਾਂ ਕਰਾਉਣ ਦੀ ਸਲਾਹ ਦਿੱਤੀ ਸੀ ਅਤੇ ਜ਼ੋਰ ਦੇ ਕੇ ਕਿਹਾ ਗਿਆ ਸੀ ਕਿ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਦੇ ਮੱਦੇਨਜਰ ਖਾਨ ਦੀ ਲੋਕਪ੍ਰਿਯਤਾ ਵਧ ਗਈ ਹੈ।

ਇਮਰਾਨ ਅਤੇ ਉਨ੍ਹਾਂ ਦੀ ਪਤਨੀ ਨੇ ਲਈ 6 ਅਰਬ ਦੀ ਰਿਸ਼ਵਤ : ਮਰੀਅਮ ਨਵਾਜ਼
ਪਾਕਿਸਤਾਨ ਮੁਸਲਮਾਨ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ’ਤੇ 6 ਅਰਬ ਪਾਕਿਸਤਾਨੀ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ਲਾਉਂਦਿਆਂ ਇਸ ਨੂੰ ‘ਸਭ ਤੋਂ ਵੱਡਾ ਘਪਲਾ’ ਦੱਸਿਆ। ਨਵਾਜ਼ ਸ਼ਰੀਫ ਦੀ ਬੇਟੀ ਨੇ ਇੱਥੇ ਪਾਰਟੀ ਦੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਇਹ ਦੋਸ਼ ਲਾਏ।ਮਰੀਅਮ ਨੇ ਕਿਹਾ, ‘‘ਮੈਂ ਫਰਾਹ (ਬੁਸ਼ਰਾ ਬੀਬੀ ਦੀ ਇਕ ਦੋਸਤ) ਦਾ ਨਾਂ ਲੈ ਰਹੀ ਹਾਂ, ਜੋ ਤਬਾਦਲਿਆਂ ਅਤੇ ਨਿਯੁਕਤੀਆਂ ’ਚ ਲੱਖਾਂ ਰੁਪਏ ਪ੍ਰਾਪਤ ਕਰਨ ’ਚ ਸ਼ਾਮਲ ਰਹੀ ਹੈ ਅਤੇ ਇਹ ਮਾਮਲੇ ਸਿੱਧੇ ਬਨੀਗਾਲਾ (ਪ੍ਰਧਾਨ ਮੰਤਰੀ ਖਾਨ ਦਾ ਨਿਵਾਸ) ਨਾਲ ਜੁੜੇ ਹਨ। ਬੇਭਰੋਸਗੀ ਮਤੇ ਰਾਹੀਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਅਗਵਾਈ ਵਾਲੀ ਸਰਕਾਰ ਨੂੰ ਹਟਾਏ ਜਾਣ ਤੋਂ ਬਾਅਦ ਭ੍ਰਿਸ਼ਟਾਚਾਰ ਦੇ ਹੋਰ ਕਿੱਸੇ ਸਾਹਮਣੇ ਆਉਣਗੇ।’


author

Vandana

Content Editor

Related News