ਫਰਿਜ਼ਨੋ ''ਚ ਟਰੰਪ ਤੇ ਬਾਈਡੇਨ ਵਿਚਕਾਰ ਰਿਹਾ ਵੋਟਾਂ ਦਾ ਵੱਡਾ ਫਰਕ
Thursday, Nov 12, 2020 - 09:49 PM (IST)
ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਕੈਲੀਫੋਰਨੀਆ ਵਿਚ ਹੁਣ ਤੱਕ ਫਰਿਜ਼ਨੋ ਕਾਊਂਟੀ ਵਿਚ ਰਿਕਾਰਡ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ ਅਤੇ ਅਜੇ ਤਕਰੀਬਨ 5000 ਬੈਲਟਾਂ ਦੀ ਗਿਣਤੀ ਕੀਤੀ ਜਾਣੀ ਹੈ । ਇਸ ਦੌਰਾਨ ਡੈਮੋਕ੍ਰੇਟਿਕ ਉਮੀਦਵਾਰ ਸਾਬਕਾ ਉਪ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਕਮਲਾ ਹੈਰਿਸ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਪ-ਰਾਸ਼ਟਰਪਤੀ ਮਾਈਕ ਪੈਂਸ ਉੱਤੇ ਕਾਊਂਟੀ ਵਾਈਡ ਵੋਟਾਂ ਦੀ ਕੁੱਲ ਗਿਣਤੀ ਵਿਚ 27,000 ਤੋਂ ਵੱਧ ਵੋਟਾਂ ਦੀ ਬੇਮਿਸਾਲ ਬੜ੍ਹਤ ਹੈ।
ਇਹ ਦੋ ਵੱਡੇ ਨਾਮਜ਼ਦ ਵਿਅਕਤੀਆਂ ਲਈ ਪਈਆਂ ਵੋਟਾਂ ਦਾ ਲਗਭਗ 7.7 ਫ਼ੀਸਦੀ ਦਾ ਫਰਕ ਹੈ। ਕਾਊਂਟੀ ਦੇ ਚੋਣ ਦਫ਼ਤਰ ਨੇ ਚੋਣਾਂ ਵਾਲੀ ਰਾਤ ਵੀ ਜਾਣਕਾਰੀ ਦਿੱਤੀ ਅਤੇ ਨਾਲ ਹੀ 6 ਨਵੰਬਰ ਅਤੇ 10 ਨਵੰਬਰ ਨੂੰ ਮੇਲ-ਇਨ ਅਤੇ ਆਰਜ਼ੀ ਬੈਲਟ ਦੀ ਗਿਣਤੀ ਕੀਤੀ ਗਈ ਹੈ। ਫਰਿਜ਼ਨੋ ਕਾਊਂਟੀ ਦੇ ਕਲਰਕ ਬ੍ਰਾਂਡੀ ਔਰਥ ਅਨੁਸਾਰ ਉਮੀਦ ਹੈ ਕਿ ਅਗਲੀ ਵੋਟ ਅਪਡੇਟ ਸ਼ੁੱਕਰਵਾਰ ਦੁਪਹਿਰ ਤੱਕ ਆ ਜਾਵੇਗੀ।
ਬਾਈਡੇਨ ਨੂੰ ਵਿਆਪਕ ਤੌਰ 'ਤੇ ਨਵੇਂ ਚੁਣੇ ਹੋਏ ਰਾਸ਼ਟਰਪਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਹਾਲਾਂਕਿ, ਟਰੰਪ ਨੇ ਚੋਣ ਸਵਿਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ ਕਈ ਰਾਜਾਂ ਵਿਚ ਕਾਨੂੰਨੀ ਚੁਣੌਤੀਆਂ ਵੀ ਦਿੱਤੀਆਂ ਹਨ ਕਿਉਂਕਿ ਉਸ ਅਨੁਸਾਰ ਵੋਟਾਂ ਗ਼ੈਰ-ਕਾਨੂੰਨੀ ਢੰਗ ਨਾਲ ਪਾਈਆਂ ਗਈਆਂ ਹਨ ਅਤੇ ਉਸ ਨੇ ਇਨ੍ਹਾਂ ਨੂੰ ਅਯੋਗ ਕਰਨ ਦੀ ਮੰਗ ਵੀ ਕੀਤੀ ਹੈ।