UK ਜਾਣ ਦੇ ਚਾਹਵਾਨਾਂ ਲਈ ਵੱਡਾ ਝਟਕਾ ! ਸਰਕਾਰ ਨੇ ਵੀਜ਼ਾ ਨਿਯਮਾਂ ''ਚ ਕੀਤਾ ਵੱਡਾ ਬਦਲਾਅ
Sunday, May 18, 2025 - 02:03 PM (IST)

ਇੰਟਰਨੈਸ਼ਨਲ ਡੈਸਕ- ਯੂ.ਕੇ. ਨੇ ਆਪਣੀਆਂ ਇਮੀਗ੍ਰੇਸ਼ਨ ਨੀਤੀਆਂ ਵਿੱਚ ਵੱਡੇ ਬਦਲਾਅ ਕਰਦੇ ਹੋਏ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਨਵੇਂ ਅਤੇ ਸਖ਼ਤ ਨਿਯਮ ਲਾਗੂ ਕੀਤੇ ਹਨ। ਇਹ ਨਵੇਂ ਨਿਯਮ 18 ਮਈ 2025 ਨੂੰ ਜਾਰੀ ਕੀਤੇ ਗਏ ਇਮੀਗ੍ਰੇਸ਼ਨ ਵਾਈਟ ਪੇਪਰ ਰਾਹੀਂ ਲਾਗੂ ਕੀਤੇ ਗਏ ਹਨ।
ਇਨ੍ਹਾਂ ਤਬਦੀਲੀਆਂ ਅਨੁਸਾਰ ਹੁਣ ਕੰਮ ਕਰਨ ਲਈ ਯੂ.ਕੇ. ਜਾਣ ਦੇ ਚਾਹਵਾਨ ਲੋਕਾਂ ਨੂੰ RQF ਲੈਵਲ 6 ਜਾਂ ਉਸ ਤੋਂ ਉੱਚੀ ਯੋਗਤਾ (ਜਿਵੇਂ ਕਿ ਡਿਗਰੀ) ਦੀ ਲੋੜ ਹੋਏਗੀ। ਪਹਿਲਾਂ ਇਹ ਸੀਮਾ RQF 3 (A-ਲੈਵਲ) ਸੀ। ਇਸ ਤੋਂ ਇਲਾਵਾ ਸਕਿੱਲਡ ਵਰਕਰ ਵੀਜ਼ਾ ਲਈ ਤਨਖ਼ਾਹ ਦੀ ਘੱਟੋ-ਘੱਟ ਸੀਮਾ ਵਿੱਚ ਵਾਧਾ ਕੀਤਾ ਗਿਆ ਹੈ, ਜਿਸ ਨਾਲ ਨੌਕਰੀ ਲੱਭਣ ਦੀ ਪ੍ਰਕਿਰਿਆ ਹੋਰ ਮੁਸ਼ਕਲ ਹੋ ਸਕਦੀ ਹੈ।
ਇਨ੍ਹਾਂ ਨਵੇਂ ਨਿਯਮਾਂ ਮੁਤਾਬਕ ਲੋ-ਸਕਿੱਲਡ ਨੌਕਰੀਆਂ ਲਈ ਵਿਦੇਸ਼ੀ ਕਾਮਿਆਂ ਨੂੰ ਮਿਲਣ ਵਾਲੀਆਂ ਵੀਜ਼ਾ ਰਾਹਤਾਂ ਨੂੰ ਘਟਾਇਆ ਗਿਆ ਹੈ। ਇਸ ਤੋਂ ਇਲਾਵਾ ਸਪਾਊਜ਼ ਤੇ ਫੈਮਿਲੀ ਵੀਜ਼ਾ ਪ੍ਰਕਿਰਿਆ ਹੋਰ ਸਖ਼ਤ ਬਣਾਈ ਗਈ ਹੈ। ਹੁਣ ਵਿਦੇਸ਼ੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਅੰਗਰੇਜ਼ੀ ਭਾਸ਼ਾ ਦੀ ਯੋਗਤਾ ਦਰਸਾਉਣਾ ਜ਼ਰੂਰੀ ਹੋਵੇਗਾ।
ਇਹ ਵੀ ਪੜ੍ਹੋ- ਇਕ ਹੋਰ ਅੱਤਵਾਦੀ ਹਮਲਾ ! ਹੁਣ ਫਰਟੀਲਿਟੀ ਕਲੀਨਿਕ ਨੇੜੇ ਹੋਇਆ ਜ਼ਬਰਦਸਤ ਧਮਾਕਾ
ਇਹ ਨਵੇਂ ਨਿਯਮ ਭਾਰਤੀਆਂ ਸਣੇ ਹੋਰ ਵਿਦੇਸ਼ੀ ਕਾਮਿਆਂ ਲਈ ਯੂ.ਕੇ. ਵਿੱਚ ਨੌਕਰੀ ਲੱਭਣ ਅਤੇ ਸਥਾਈ ਹੋਣ ਦੀ ਪ੍ਰਕਿਰਿਆ ਨੂੰ ਹੋਰ ਮੁਸ਼ਕਲ ਬਣਾਉਣਗੇ। ਖਾਸ ਕਰਕੇ ਉਹ ਲੋਕ ਜੋ ਲੋ-ਸਕਿੱਲਡ ਜਾਂ ਮੀਡੀਅਮ-ਸਕਿੱਲਡ ਨੌਕਰੀਆਂ ਦੀ ਤਲਾਸ਼ ਵਿੱਚ ਹਨ, ਉਨ੍ਹਾਂ ਲਈ ਇਹ ਨਿਯਮ ਵੱਡੀ ਚੁਣੌਤੀ ਪੇਸ਼ ਕਰਨਗੇ।
ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਦੇਸ਼ ਦੀਆਂ ਸਰਹੱਦਾਂ 'ਤੇ ਕਾਬੂ ਵਧਾਉਣ ਅਤੇ ਸਥਾਨਕ ਕਾਮਿਆਂ ਨੂੰ ਤਰਜੀਹ ਦੇਣ ਲਈ ਕੀਤੀਆਂ ਗਈਆਂ ਹਨ। ਉਨ੍ਹਾਂ ਅਨੁਸਾਰ ਯੂ.ਕੇ. ਵਿੱਚ ਰਹਿਣਾ ਇਕ ਖ਼ਾਸ 'ਅਧਿਕਾਰ' ਹੈ, ਜੋ ਕਿ ਯੋਗਤਾ ਅਤੇ ਯੋਗਦਾਨ ਰਾਹੀਂ ਹਾਸਲ ਕੀਤਾ ਜਾਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਅਗਨੀਕਾਂਡ ਦੇ ਪੀੜਤਾਂ ਲਈ PMO ਨੇ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e