ਗ੍ਰੀਨ ਕਾਰਡ ਪ੍ਰਕਿਰਿਆ ’ਚ ਦੇਰੀ ਨਾਲ ਨਜਿੱਠਣਾ ਚਾਹੁੰਦੇ ਹਨ ਬਾਈਡੇਨ: ਵ੍ਹਾਈਟ ਹਾਊਸ
Saturday, Oct 09, 2021 - 10:55 AM (IST)

ਵਾਸ਼ਿੰਗਟਨ (ਭਾਸ਼ਾ) : ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਗ੍ਰੀਨ ਕਾਰਡ ਜਾਰੀ ਕਰਨ ਨਾਲ ਜੁੜੀ ਪ੍ਰਣਾਲੀ ਵਿਚ ਦੇਰੀ ਦੀ ਸਮੱਸਿਆ ਨੂੰ ਦੂਰ ਕਰਨਾ ਚਾਹੁੰਦੇ ਹਨ। ਹਜ਼ਾਰਾਂ ਪ੍ਰਤਿਭਾਸ਼ਾਲੀ ਭਾਰਤੀ ਤਕਨਾਲੌਜੀ ਪੇਸ਼ੇਵਰਾਂ ਨੂੰ ਗ੍ਰੀਨ ਕਾਰਡ ਦੇਣ ਵਿਚ ਬਹੁਤ ਜ਼ਿਆਦਾ ਦੇਰੀ ਭਾਰਤੀ-ਅਮਰੀਕੀਆਂ ਅਤੇ ਇੱਥੇ ਰਹਿਣ ਵਾਲੇ ਉਨ੍ਹਾਂ ਦੇ ਨਿਰਭਰ ਬੱਚਿਆਂ ਦੀ ਚਿੰਤਾ ਦਾ ਮੁੱਖ ਕਾਰਨ ਹੈ। ਅਜਿਹੇ ਲੋਕਾਂ ਨੂੰ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਕਦੇ-ਕਦੇ ਦਹਾਕੇ ਲੱਗ ਜਾਂਦੇ ਹਨ। ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਨੇ ਸ਼ੁੱਕਰਵਾਰ ਨੂੰ ਆਪਣੇ ਰੋਜ਼ਾਨਾ ਪੱਤਰਕਾਰ ਸੰਮੇਲਨ ਵਿਚ ਕਿਹਾ, ‘ਰਾਸ਼ਟਰਪਪਤੀ ਨਿਸ਼ਚਿਤ ਤੌਰ ’ਤੇ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਕਿਰਿਆ ਵਿਚ ਦੇਰੀ ਨੂੰ ਵੀ ਦੂਰ ਕਰਨਾ ਚਾਹੁੰਦੇ ਹਨ।’ ਸਾਕੀ 1 ਅਕਤੂਬਰ ਨੂੰ ਲੱਗਭਗ 80,000 ਨਾ ਵਰਤੇ ਗਏ ਰੁਜ਼ਗਾਰ-ਆਧਾਰਿਤ ਗ੍ਰੀਨ ਕਾਰਡਾਂ ਦੀ ਬਰਬਾਦੀ ’ਤੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ, ਜਿਸ ਨੂੰ ਅਧਿਕਾਰਤ ਤੌਰ ’ਤੇ ਕਾਨੂੰਨੀ ਸਥਾਈ ਨਿਵਾਸ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : ਅਫ਼ਗਾਨਿਸਤਾਨ 'ਚ ਮਸਜਿਦ ਧਮਾਕੇ 'ਚ ਘੱਟੋ-ਘੱਟ 46 ਲੋਕਾਂ ਦੀ ਮੌਤ, IS ਨੇ ਲਈ ਹਮਲੇ ਦੀ ਜ਼ਿੰਮੇਵਾਰੀ
ਇਹ ਬਰਬਾਦੀ ਇਸ ਲਈ ਹੋਈ, ਕਿਉਂਕਿ ਯੂ.ਐਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵੀਸਜ (ਯੂ.ਐਸ.ਸੀ.ਆਈ.ਐਸ.) ਗ੍ਰੀਨ ਕਾਰਡ ਦੀ ਉਡੀਕ ਕਰ ਰਹੇ ਕਈ ਲੱਖਾਂ ਲੋਕਾਂ ਨੂੰ ਇਨ੍ਹਾਂ ਨੂੰ ਵੰਡਣ ਵਿਚ ਅਸਮਰਥ ਹੈ। ਭਾਰਤੀ ਤਕਨਾਲੌਜੀ ਪੇਸ਼ੇਵਰਾਂ ਨੇ ਬਾਈਡੇਨ ਪ੍ਰਸ਼ਾਸਨ ਅਤੇ ਅਮਰੀਕੀ ਕਾਂਗਰਸ ਨੂੰ ਉਨ੍ਹਾਂ ਗ੍ਰੀਨ ਕਾਰਡ ਸਲਾਟ ਨੂੰ ਸਮਾਪਤ ਨਾ ਹੋਣ ਦੇਣ ਲਈ ਜ਼ਰੂਰੀ ਵਿਧਾਨਕ ਬਦਲਾਅ ਕਰਨ ਦੀ ਅਪੀਲ ਕੀਤੀ ਸੀ, ਇਨ੍ਹਾਂ ਵਿਚੋਂ ਹਜ਼ਾਰਾਂ ਲਈ ਇਹ ਇੰਤਜ਼ਾਰ ਦਹਾਕਿਆਂ ਦਾ ਹੈ। ਇਸ ਹਫ਼ਤੇ ਦੀ ਸ਼ੁਰੂਆਤ ਵਿਚ ਕਾਂਗਰਸ ਮੈਂਬਰ ਮੈਰੀਏਨੇਟ ਮਿਲਰ-ਮੀਕਸ ਨੇ ਰੁਜ਼ਗਾਰ ਵੀਜ਼ਾ ਸੁਰੱਖਿਆ ਬਿੱਲ ਪੇਸ਼ ਕੀਤਾ, ਜੋ ਯੂ.ਐਸ.ਸੀ.ਆਈ.ਐਸ. ਨੂੰ ਵਿੱਤੀ ਸਾਲ 2020 ਅਤੇ 2021 ਵਿਚ ਵਰਤੋਂ ਲਈ ਨਾ ਵਰਤੇ ਗਏ ਰੁਜ਼ਗਾਰ-ਆਧਾਰਿਤ ਵੀਜ਼ਾ ਨੂੰ ਸੁਰੱਖਿਅਤ ਕਰਨ ਦੀ ਇਜਾਜ਼ਤ ਦੇਵੇਗਾ। ਇਸ ਤੋਂ ਪਹਿਲਾਂ ਵਿੱਤੀ ਸਾਲ 2020 ਵਿਚ ਕੁੱਲ 1,22,000 ਪਰਿਵਾਰਕ ਤਰਜੀਹ ਵਾਲੇ ਵੀਜ਼ਾ ਅਣਵਰਤੇ ਰਹਿ ਗਏ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।