ਬਾਈਡੇਨ ਨੇ ਸ਼ਖ਼ਤ ਬੰਦੂਕ ਕਾਨੂੰਨ ਬਣਾਉਣ ਦੀ ਕੀਤੀ ਮੰਗ, ਕਿਹਾ- ਹੋਰ ਕਿੰਨੇ ਕਤਲੇਆਮ ਦੇਖਾਂਗੇ?

Friday, Jun 03, 2022 - 02:40 PM (IST)

ਬਾਈਡੇਨ ਨੇ ਸ਼ਖ਼ਤ ਬੰਦੂਕ ਕਾਨੂੰਨ ਬਣਾਉਣ ਦੀ ਕੀਤੀ ਮੰਗ, ਕਿਹਾ- ਹੋਰ ਕਿੰਨੇ ਕਤਲੇਆਮ ਦੇਖਾਂਗੇ?

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਰਾਤ ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਸੰਸਦ ਨੂੰ ਬੰਦੂਕ ਕੰਟਰੋਲ ਦੀ ਦਿਸ਼ਾ ਵਿਚ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਅਪੀਲ ਕੀਤੀ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਦੇਸ਼ 'ਚ ਲਗਾਤਾਰ ਹੋ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਹਥਿਆਰਾਂ ਦੀ ਵਿਕਰੀ 'ਤੇ ਸੀਮਾ ਲਗਾਉਣ 'ਤੇ ਵਿਚਾਰ ਕਰਨ। ਵ੍ਹਾਈਟ ਹਾਊਸ ਵਿਚ ਦਿੱਤੇ ਆਪਣੇ ਸੰਬੋਧਨ ਵਿਚ ਬਾਈਡੇਨ ਨੇ ਕਾਂਗਰਸ 'ਤੇ ਸਖ਼ਤ ਬੰਦੂਕ ਕਾਨੂੰਨ ਬਣਾਉਣ ਲਈ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਪਿਛਲੇ ਹਮਲਿਆਂ ਤੋਂ ਬਾਅਦ ਅਜਿਹੀਆਂ ਕੋਸ਼ਿਸ਼ਾਂ ਅਸਫਲ ਹੋ ਗਈਆਂ ਸਨ। 

ਉਹਨਾਂ ਨੇ ਕਿਹਾ ਕਿ ਆਖਿਰ ਅਸੀਂ ਹੋਰ ਕਿੰਨਾ ਕਤਲੇਆਮ ਦੇਖਣਾ ਚਾਹੁੰਦੇ ਹਾਂ?" ਜਾਣਕਾਰੀ ਹੋਵੇ ਕਿ ਪਿਛਲੇ ਹਫ਼ਤੇ ਟੈਕਸਾਸ ਦੇ ਉਵਾਲਦੇ ਵਿਚ ਇਕ ਪ੍ਰਾਇਮਰੀ ਸਕੂਲ ਵਿਚ ਹੋਈ ਗੋਲੀਬਾਰੀ ਵਿਚ 18 ਸਾਲਾ ਹਮਲਾਵਰ ਨੇ 19 ਵਿਦਿਆਰਥੀਆਂ ਅਤੇ ਦੋ ਅਧਿਆਪਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਉੱਥੇ ਬੁੱਧਵਾਰ ਨੂੰ ਓਕਲਾਹੋਮਾ ਦੇ ਤੁਲਸਾ ਵਿੱਚ ਇੱਕ ਬੰਦੂਕਧਾਰੀ ਨੇ ਇੱਕ ਹਸਪਤਾਲ ਵਿੱਚ ਚਾਰ ਲੋਕਾਂ ਨੂੰ ਗੋਲੀ ਮਾਰਨ ਤੋਂ ਬਾਅਦ ਆਪਣੇ ਆਪ ਨੂੰ ਗੋਲੀ ਮਾਰ ਲਈ। ਇਸ ਤੋਂ ਪਹਿਲਾਂ 14 ਮਈ ਨੂੰ ਨਿਊਯਾਰਕ ਦੇ ਬਫੇਲੋ ਵਿੱਚ ਇੱਕ 18 ਸਾਲਾ ਗੋਰੇ ਹਮਲਾਵਰ ਨੇ ਇੱਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਕਰ ਦਿੱਤੀ ਸੀ, ਜਿਸ ਵਿੱਚ 10 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ ਸਨ। ਅਧਿਕਾਰੀਆਂ ਨੇ ਇਸ ਘਟਨਾ ਨੂੰ ਨਸਲੀ ਹਮਲਾ ਦੱਸਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਭਾਰਤੀ ਮੂਲ ਦੀ ਹਰੀਨੀ ਲੋਗਨ ਨੇ ਰਚਿਆ ਇਤਿਹਾਸ, 21 ਸ਼ਬਦਾਂ ਦਾ ਸਹੀ ਉਚਾਰਨ ਕਰ ਜਿੱਤਿਆ ਖਿਤਾਬ

ਬਾਈਡੇਨ ਦੇ ਸੰਬੋਧਨ ਨੂੰ ਅਮਰੀਕਾ ਦੇ ਲਗਭਗ ਸਾਰੇ ਪ੍ਰਮੁੱਖ ਨਿਊਜ਼ ਚੈਨਲਾਂ ਦੁਆਰਾ ਪ੍ਰਸਾਰਿਤ ਕੀਤਾ ਗਿਆ ਸੀ। ਵ੍ਹਾਈਟ ਹਾਊਸ ਨੇ ਕਿਹਾ ਕਿ ਰਾਸ਼ਟਰਪਤੀ ਗੋਲੀਬਾਰੀ ਦੀਆਂ ਦੁਖਦਾਈ ਘਟਨਾਵਾਂ 'ਤੇ ਰਾਸ਼ਟਰ ਨੂੰ ਸੰਬੋਧਿਤ ਕਰਨਗੇ ਅਤੇ ਕਾਂਗਰਸ ਨੂੰ ਬੰਦੂਕ ਹਿੰਸਾ ਦੀ ਮਹਾਮਾਰੀ ਨੂੰ ਰੋਕਣ ਲਈ ਕਾਨੂੰਨ ਪਾਸ ਕਰਨ ਦੀ ਮੰਗ ਕਰਨਗੇ ਜੋ ਹਰ ਰੋਜ਼ ਲੋਕਾਂ ਨੂੰ ਮਾਰ ਰਹੀ ਹੈ। ਰਾਸ਼ਟਰਪਤੀ ਦੇ ਸੰਬੋਧਨ ਤੋਂ ਪਹਿਲਾਂ ਪ੍ਰੈੱਸ ਸਕੱਤਰ ਕੇਰਿਨ ਜੀਨ ਪੀਅਰੇ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਉਵਾਲਦੇ, ਤੁਲਸਾ ਅਤੇ ਬਫੈਲੋ ਵਿਚ ਜਿਹੜੀ ਘਟਨਾ ਵਾਪਰੀ ਉਸ ਨੂੰ ਦੇਖਦੇ ਹੋਏ ਬਾਈਡੇਨ ਬੰਦੂਕ ਹਿੰਸਾ ਦੀ ਮਹਾਮਾਰੀ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੀ ਜ਼ਰੂਰਤ ਨੂੰ ਦੁਹਰਾਉਣਗੇ। ਉਹਨਾਂ ਨੇ ਕਿਹਾ ਕਿ ਬਾਈਡੇਨ ਦੀ ਕੋਈ ਨਵੀਂ ਕਾਰਜਕਾਰੀ ਯੋਜਨਾ ਦੀ ਘੋਸ਼ਣਾ ਕਰਨ ਦਾ ਇਰਾਦਾ ਨਹੀਂ ਹੈ ਅਤੇ ਅੱਜ ਰਾਤ ਦਾ ਸੰਬੋਧਨ ਇਸ ਗੱਲ 'ਤੇ ਕੇਂਦਰਿਤ ਕਰੇਗਾ ਕਿ "ਕਾਂਗਰਸ ਨੂੰ ਇਸ ਬਾਰੇ ਕੀ ਕਰਨ ਦੀ ਲੋੜ ਹੈ।" 

ਇਸ ਤੋਂ ਪਹਿਲਾਂ ਵੀਰਵਾਰ ਨੂੰ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਓਕਲਾਹੋਮਮਾ ਗੋਲੀਬਾਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਸੀਂ ਸਾਰੇ ਤੁਲਸਾ ਦੇ ਲੋਕਾਂ ਨੂੰ ਆਪਣੇ ਦਿਲਾਂ ਵਿੱਚ ਰੱਖਾਂਗੇ ਪਰ ਅਸੀਂ ਅਮਲੀ ਬੰਦੂਕ ਸੁਰੱਖਿਆ ਕਾਨੂੰਨਾਂ ਨੂੰ ਪਾਸ ਕਰਨ ਦੀ ਆਪਣੀ ਵਚਨਬੱਧਤਾ ਦੀ ਵੀ ਪੁਸ਼ਟੀ ਕਰਦੇ ਹਾਂ। ਹੈਰਿਸ ਨੇ ਕਿਹਾ ਕਿ ਕੋਈ ਹੋਰ ਬਹਾਨਾ ਨਹੀਂ ਚੱਲੇਗਾ। ਹਮਦਰਦੀ ਅਤੇ ਪ੍ਰਾਰਥਨਾਵਾਂ ਮਹੱਤਵਪੂਰਨ ਹਨ ਪਰ ਕਾਫ਼ੀ ਨਹੀਂ ਹਨ। ਸਾਨੂੰ ਇਸ ਦਿਸ਼ਾ ਵਿੱਚ ਠੋਸ ਕਦਮ ਚੁੱਕਣ ਲਈ ਕਾਂਗਰਸ ਦੇ ਸਹਿਯੋਗ ਦੀ ਲੋੜ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News