ਇਪਸਾ ਵੱਲੋਂ ਭੁਪਿੰਦਰ ਸਿੰਘ ਚੌਂਕੀਮਾਨ, ਤੇਜਪਾਲ ਕੌਰ, ਦਵਿੰਦਰ ਸਿੰਘ ਪੂਨੀਆ ਦਾ ਸਨਮਾਨ
Monday, Oct 16, 2023 - 11:40 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਆਸਟ੍ਰੇਲੀਆ ਦੀ ਨਿਰੰਤਰ ਸਰਗਰਮ ਅਦਬੀ ਸੰਸਥਾ ਇੰਡੋਜ਼ ਪੰਜਾਬੀ ਸਾਹਿਤ ਅਕਾਦਮੀ ਆਫ ਆਸਟ੍ਰੇਲੀਆ ਵੱਲੋਂ ਸਥਾਨਿਕ ਇੰਡੋਜ਼ ਪੰਜਾਬੀ ਲਾਇਬ੍ਰੇਰੀ ਇਨਾਲਾ ਵਿਖੇ ਮਾਸਿਕ ਅਦਬੀ ਲੜੀ ਤਹਿਤ ਅਕਤੂਬਰ ਮਹੀਨੇ ਦਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬੀ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ, ਕਵਿੱਤਰੀ ਤੇਜਪਾਲ ਕੌਰ ਅਤੇ ਸੂਬਾਈ ਮੁਲਾਜ਼ਮ ਆਗੂ ਦਵਿੰਦਰ ਸਿੰਘ ਪੂੰਨੀਆ ਦਾ ਸਨਮਾਨ ਕੀਤਾ ਗਿਆ ਅਤੇ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਦੀ ਕਿਤਾਬ ‘ਵਿਲੱਖਣਤਾ ਦਾ ਪ੍ਰਤੀਕ ਅਰਬ ਸੰਸਾਰ’ ਲੋਕ ਅਰਪਣ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਮਹਿਮਾਨ ਹਸਤੀਆਂ ਵੱਲੋਂ ਸ਼ਮਾ ਰੌਸ਼ਨ ਕਰਨ ਨਾਲ ਹੋਈ, ਉਪਰੰਤ ਰੁਪਿੰਦਰ ਸੋਜ਼ ਨੇ ਕਵੀ ਦਰਬਾਰ ਦਾ ਸੰਚਾਲਨ ਕੀਤਾ। ਦਲਵੀਰ ਹਲਵਾਰਵੀ, ਸਰਬਜੀਤ ਸੋਹੀ, ਤੇਜਪਾਲ ਕੌਰ, ਨਿਰਮਲ ਸਿੰਘ ਦਿਓਲ ਅਤੇ ਬਲਵੰਤ ਸਾਨੀਪੁਰ ਵੱਲੋਂ ਆਪਣੀਆਂ ਰਚਨਾਵਾਂ ਸੁਣਾਈਆਂ ਗਈਆਂ।
ਪੜ੍ਹੋ ਇਹ ਅਹਿਮ ਖ਼ਬਰ-ਨੇਤਨਯਾਹੂ ਦੇ ਸਮਰਥਨ 'ਚ ਆਏ ਅਮਰੀਕੀ ਵਿਦੇਸ਼ ਮੰਤਰੀ ਬਲਿੰਕਨ
ਸਿਡਨੀ ਤੋਂ ਸ਼ਿਰਕਤ ਕਰਨ ਆਏ ਲੇਖਕ ਭੁਪਿੰਦਰ ਸਿੰਘ ਚੌਂਕੀਮਾਨ ਵੱਲੋਂ ਪਰਵਾਸ ਵਿੱਚ ਰਹਿੰਦਿਆਂ ਸਾਹਿਤ ਦੀ ਭੂਮਿਕਾ ਅਤੇ ਪਰਵਾਸੀਆਂ ਵੱਲੋਂ ਆਪਣੀ ਪਿੱਤਰ ਭੂਮੀ ਦੀ ਬਿਹਤਰੀ ਲਈ ਨਿਭਾਈ ਜਾਣ ਵਾਲੀ ਭੂਮਿਕਾ ਬਾਰੇ ਬਹੁਤ ਸੋਹਣਾ ਸੰਵਾਦ ਛੇੜਿਆ ਗਿਆ। ਸਮਾਗਮ ਦੇ ਆਖ਼ਰ ਵਿੱਚ ਐਡੀਲੇਡ ਤੋਂ ਆਏ ਅਧਿਆਪਕ ਜਥੇਬੰਦੀ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸਾਬਕਾ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂੰਨੀਆ ਨੇ ਕਾਰਪੋਰੇਟ ਜਗਤ ਵਿਚ ਸਰਕਾਰੀ ਨੀਤੀਆਂ ਦਾ ਵਿਸ਼ਲੇਸ਼ਣ ਕਰਦਿਆਂ ਵਿਸ਼ਵ ਭਰ ਵਿੱਚ ਹੋ ਰਹੀਆਂ ਤਬਦੀਲੀਆਂ ਬਾਰੇ ਬਹੁਤ ਸਾਰਥਿਕ ਨੁਕਤਿਆਂ ਤੇ ਰੌਸ਼ਨੀ ਪਾਈ। ਉਨ੍ਹਾਂ ਨੇ ਸਿੱਖਿਆ ਦੇ ਹੋ ਰਹੇ ਵਪਾਰੀਕਰਨ ਦੇ ਸੰਭਾਵੀ ਸਿੱਟਿਆਂ ਤੋਂ ਜਾਣੂ ਕਰਵਾਉਂਦਿਆਂ ਇਸ ਪਿੱਛੇ ਕਰਾਪੋਰੇਟ ਘਰਾਣਿਆਂ ਦੀ ਮੁਨਾਫ਼ਾ ਬਿਰਤੀ ਨੂੰ ਨੰਗਿਆਂ ਕੀਤਾ ਗਿਆ। ਇਪਸਾ ਵੱਲੋਂ ਦੋਵਾਂ ਮਹਿਮਾਨ ਸਖਸ਼ੀਅਤਾਂ ਨੂੰ ਐਵਾਰਡ ਆਫ਼ ਆਨਰ ਨਾਲ ਨਿਵਾਜਿਆ ਗਿਆ। ਇਸ ਮੌਕੇ ਹੋਰਨਾਂ ਇਲਾਵਾ ਇਪਸਾ ਦੇ ਸਰਪ੍ਰਸਤ ਜਰਨੈਲ ਸਿੰਘ ਬਾਸੀ, ਪਾਲ ਰਾਊਕੇ, ਅਰਸ਼ਦੀਪ ਦਿਓਲ, ਬਿਕਰਮਜੀਤ ਸਿੰਘ ਚੰਦੀ ਆਦਿ ਹਾਜ਼ਰ ਸਨ। ਸਟੇਜ ਸੈਕਟਰੀ ਦੀ ਭੂਮਿਕਾ ਰੁਪਿੰਦਰ ਸੋਜ਼ ਵੱਲੋਂ ਨਿਭਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।