ਵੱਡੀ ਖ਼ਬਰ : ਭੋਟੇਕੋਸ਼ੀ ਨਦੀ ਦਾ ਮੁੜ ਵਧਿਆ ਪੱਧਰ, ਹੜ੍ਹ ਦਾ ਤਾਜ਼ਾ ਅਲਰਟ ਜਾਰੀ

Sunday, Aug 30, 2026 - 10:12 AM (IST)

ਵੱਡੀ ਖ਼ਬਰ : ਭੋਟੇਕੋਸ਼ੀ ਨਦੀ ਦਾ ਮੁੜ ਵਧਿਆ ਪੱਧਰ, ਹੜ੍ਹ ਦਾ ਤਾਜ਼ਾ ਅਲਰਟ ਜਾਰੀ

ਕਾਠਮੰਡੂ (ਭਾਸ਼ਾ): ਨੇਪਾਲ ਵਿੱਚ ਭਿਆਨਕ ਤਬਾਹੀ ਮਚਾਉਣ ਵਾਲੇ ਹੜ੍ਹ ਤੋਂ ਬਾਅਦ ਐਤਵਾਰ ਨੂੰ ਭੋਟੇਕੋਸ਼ੀ ਨਦੀ ਵਿੱਚ ਪਾਣੀ ਦਾ ਪੱਧਰ ਇੱਕ ਵਾਰ ਫਿਰ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਨੇਪਾਲੀ ਅਧਿਕਾਰੀਆਂ ਨੇ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੇ ਸੁਰੱਖਿਆ ਬਲਾਂ ਅਤੇ ਬਚਾਅ ਕਰਮਚਾਰੀਆਂ ਨੂੰ ਹਾਈ-ਅਲਰਟ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜਲ ਵਿਗਿਆਨ ਅਤੇ ਮੌਸਮ ਵਿਭਾਗ ਦੇ ਅਧੀਨ ਹੜ੍ਹ ਪੂਰਵ ਅਨੁਮਾਨ ਵਿਭਾਗ ਦੇ ਅਨੁਸਾਰ ਧਾਡਿੰਗ ਜ਼ਿਲ੍ਹੇ ਦੇ ਗਲਛੀ ਖੇਤਰ ਵਿੱਚ ਭੋਟੇਕੋਸ਼ੀ ਦੇ ਹੇਠਾਂ ਵਗਦੀ ਤ੍ਰਿਸ਼ੂਲੀ ਨਦੀ ਵਿੱਚ ਪਾਣੀ ਦਾ ਪੱਧਰ ਆਮ ਪੱਧਰ ਤੋਂ 3 ਮੀਟਰ ਵੱਧ ਗਿਆ ਹੈ। ਇਸ ਤੋਂ ਪਹਿਲਾਂ 26 ਅਗਸਤ ਨੂੰ ਹੜ੍ਹ ਪੂਰਵ ਅਨੁਮਾਨ ਵਿਭਾਗ ਦੇ ਅਨੁਸਾਰ ਧਾਡਿੰਗ ਵਿੱਚ 14 ਮੀਟਰ ਤੋਂ ਉੱਪਰ ਹੜ੍ਹ ਦਰਜ ਕੀਤਾ ਗਿਆ ਸੀ।

ਹਿਮਾਲੀਅਨ ਸਰਹੱਦੀ ਖੇਤਰ ਤੋਂ ਦੱਖਣ ਵੱਲ ਵਹਿਣ ਵਾਲੀ ਇਸ ਨਦੀ ਵਿੱਚ ਬੁੱਧਵਾਰ ਨੂੰ ਆਏ ਭਿਆਨਕ ਹੜ੍ਹ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਲਗਭਗ 700 ਤੱਕ ਪਹੁੰਚ ਚੁੱਕੀ ਹੈ। ਦੇਸ਼ ਦੇ ਰਾਸ਼ਟਰੀ ਆਫ਼ਤ ਜੋਖਮ ਨਿਊਨੀਕਰਨ ਅਤੇ ਪ੍ਰਬੰਧਨ ਅਥਾਰਟੀ (NDRRMA) ਅਨੁਸਾਰ ਇਸ ਭਿਆਨਕ ਆਫ਼ਤ ਤੋਂ ਬਾਅਦ ਲਗਭਗ 2,400 ਲੋਕ ਅਜੇ ਵੀ ਲਾਪਤਾ ਹਨ। ਪ੍ਰਭਾਵਿਤ ਇਲਾਕਿਆਂ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਅਤੇ ਰਾਹਤ ਸਮੱਗਰੀ ਪਹੁੰਚਾਉਣ ਲਈ 15,000 ਤੋਂ ਵੱਧ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਫੌਜੀ ਹੈਲੀਕਾਪਟਰ ਲਗਾਤਾਰ ਉਡਾਣਾਂ ਭਰ ਰਹੇ ਹਨ। ਹਾਲਾਂਕਿ, ਲਗਾਤਾਰ ਹੋ ਰਹੀ ਤਾਜ਼ਾ ਬਾਰਸ਼ ਅਤੇ ਪਾਣੀ ਦੇ ਵਧ ਰਹੇ ਪੱਧਰ ਦੇ ਵਿਚਕਾਰ ਲਾਪਤਾ ਲੋਕਾਂ ਦੀ ਭਾਲ ਕਰਨਾ ਬਚਾਅ ਟੀਮਾਂ ਲਈ ਬੇਹੱਦ ਮੁਸ਼ਕਲ ਹੋ ਰਿਹਾ ਹੈ।

ਪੜ੍ਹੋ ਇਹ ਅਹਿਮ ਖ਼ਬਰ-   ਤਿੱਬਤ-ਨੇਪਾਲ ਸਰਹੱਦ 'ਤੇ ਹੜ੍ਹ : ਲਾਪਤਾ 261 ਵਿਦੇਸ਼ੀ ਲੋਕਾਂ 'ਚ 49 ਭਾਰਤੀ ਸ਼ਾਮਲ

ਇਸ ਹੜ੍ਹ ਕਾਰਨ ਸੜਕਾਂ, ਪੁਲ, ਰਿਹਾਇਸ਼ੀ ਬਸਤੀਆਂ ਅਤੇ ਪਣ-ਬਿਜਲੀ ਪ੍ਰੋਜੈਕਟ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਤ੍ਰਿਸ਼ੂਲੀ ਪਣ-ਬਿਜਲੀ ਪ੍ਰੋਜੈਕਟ ਵਾਲੀ ਥਾਂ 'ਤੇ ਨੇਪਾਲੀ ਸੁਰੱਖਿਆ ਕਰਮਚਾਰੀ ਭਾਰਤੀ ਸੁਰੰਗ ਮਾਹਰਾਂ  ਦੀ ਮਦਦ ਨਾਲ ਸੁਰੰਗ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਸ਼ਨੀਵਾਰ ਅੱਧੀ ਰਾਤ ਤੋਂ ਬਾਅਦ ਵੀ,ਤੇਜ਼ ਬਾਰਸ਼ ਦੇ ਬਾਵਜੂਦ, ਸੁਰੰਗ ਦੇ ਪ੍ਰਵੇਸ਼ ਦੁਆਰ ਦਾ ਪਤਾ ਲਗਾਉਣ ਲਈ ਸਾਂਝਾ ਬਚਾਅ ਕਾਰਜ ਚਲਾਇਆ ਗਿਆ।

NDRRMA ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਸ਼ਾਮ ਤੱਕ ਭੋਟੇਕੋਸ਼ੀ ਹੜ੍ਹ ਵਿੱਚ ਜ਼ਖਮੀ ਹੋਏ 242 ਲੋਕਾਂ ਨੂੰ ਕਾਠਮੰਡੂ ਦੇ ਤ੍ਰਿਭੁਵਨ ਯੂਨੀਵਰਸਿਟੀ ਟੀਚਿੰਗ ਹਸਪਤਾਲ, ਬੀਰ ਹਸਪਤਾਲ ਅਤੇ ਧੁਨਚੇ ਸਥਿਤ ਰਸੂਆ ਜ਼ਿਲ੍ਹਾ ਹਸਪਤਾਲ ਸਮੇਤ ਵੱਖ-ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ 135 ਲੋਕਾਂ ਨੂੰ ਛੁੱਟੀ ਦੇ ਦਿੱਤੀ ਗਈ ਹੈ, 29 ਮਰੀਜ਼ਾਂ ਨੂੰ ਦੂਜੇ ਵਿਸ਼ੇਸ਼ ਡਾਕਟਰੀ ਕੇਂਦਰਾਂ ਵਿੱਚ ਰੈਫਰ ਕੀਤਾ ਗਿਆ ਹੈ, ਜਦਕਿ 75 ਲੋਕਾਂ ਦਾ ਅਜੇ ਵੀ ਇਲਾਜ ਚੱਲ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਇਹ ਤਬਾਹੀ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਹਿਮਾਲੀਅਨ ਖੇਤਰ ਵਿੱਚ ਬਰਫ਼ ਦੀ ਚੱਟਾਨ ਜਾਂ ਗਲੇਸ਼ੀਅਰ ਟੁੱਟਣ ਕਾਰਨ ਹੋਈ ਹੈ। ਇਸ ਕਾਰਨ ਪੈਦਾ ਹੋਏ ਪਾਣੀ, ਚਿੱਕੜ ਅਤੇ ਮਲਬੇ ਦੇ ਤੇਜ਼ ਵਹਾਅ ਨੇ ਰਸੂਆ, ਨੁਵਾਕੋਟ, ਧਾਦਿੰਗ ਅਤੇ ਚਿਤਵਾਨ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ ਅਤੇ ਕਈ ਪਿੰਡ ਤੇ ਵਾਹਨ ਹੜ੍ਹ ਦੇ ਪਾਣੀ ਵਿੱਚ ਵਹਿ ਗਏ ਹਨ। ਪ੍ਰਸ਼ਾਸਨ ਨੇ ਇਨ੍ਹਾਂ ਚਾਰਾਂ ਜ਼ਿਲ੍ਹਿਆਂ ਵਿੱਚ ਰਾਹਤ ਕਾਰਜਾਂ ਵਿੱਚ ਲੱਗੀਆਂ ਟੀਮਾਂ ਨੂੰ ਬੇਹੱਦ ਸੁਚੇਤ ਰਹਿਣ ਲਈ ਕਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News