ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਪੁੱਜੀ ਯੂਕ੍ਰੇਨ ਬਾਰਡਰ, ਵਕਤ ਦੇ ਝੰਬੇ ਲੋਕਾਂ ਦੀ ਕੀਤੀ ਮਦਦ

Monday, Mar 21, 2022 - 07:18 PM (IST)

ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਪੁੱਜੀ ਯੂਕ੍ਰੇਨ ਬਾਰਡਰ, ਵਕਤ ਦੇ ਝੰਬੇ ਲੋਕਾਂ ਦੀ ਕੀਤੀ ਮਦਦ

ਰੋਮ (ਦਲਵੀਰ ਕੈਂਥ)-ਰੂਸ ਤੇ ਯੂਕ੍ਰੇਨ ਦਰਮਿਆਨ ਚੱਲ ਰਹੇ ਭਿਆਨਕ ਯੁੱਧ ਦੀ ਮਾਰ ਝੱਲ ਰਹੇ ਲੋਕਾਂ ਦੀ ਮਦਦ ਲਈ ਜਿਥੇ ਦੁਨੀਆ ਭਰ ਦੀਆਂ ਸਮਾਜ ਸੇਵੀ ਸੰਸਥਾਵਾਂ ਅੱਗੇ ਆਈਆਂ ਹਨ, ਉਥੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਵੱਲੋਂ ਵੀ ਪਹਿਲੀ ਵਾਰ ਅੰਤਰਰਾਸ਼ਟਰੀ ਪੱਧਰ ’ਤੇ ਮਾਨਵਤਾ ਦੇ ਹੋ ਰਹੇ ਘਾਣ ਤੇ ਯੁੱਧ ਦੀ ਮਾਰ ਝੱਲ ਰਹੇ ਯੂਕ੍ਰੇਨ ਦੇ ਸ਼ਰਨਾਰਥੀਆਂ ਦੀ ਮਦਦ ਲਈ ਬਹੁਤ ਵੱਡੇ ਪੱਧਰ ’ਤੇ ਉਪਰਾਲਾ ਕੀਤਾ ਗਿਆ। ਬੇਗ਼ਮਪੁਰਾ ਏਡ ਦੀ 19 ਮਾਰਚ ਨੂੰ ਪਹਿਲੀ ਵਰ੍ਹੇਗੰਢ ਸੀ, ਜਿਸ ਨੂੰ ਲੋੜਵੰਦਾਂ ਦੀ ਮਦਦ ਕਰਕੇ ਮਨਾਇਆ ਗਿਆ। ਬੇਗ਼ਮਪੁਰਾ ਏਡ ਵੱਲੋਂ ਪਿਛਲੇ ਇਕ ਸਾਲ ਤੋਂ ਮਾਨਵਤਾ ਦੀ ਭਲਾਈ ਵਾਸਤੇ ਭਾਰਤ ’ਚ ਬਹੁਤ ਸਾਰੇ ਕਾਰਜ ਚੱਲ ਰਹੇ ਹਨ, ਜਿਸ ’ਚ ਸਮੇਂ-ਸਮੇਂ ’ਤੇ ਵਿਕਲਾਂਗ ਲੋਕਾਂ ਦੀ ਮਦਦ ਲਈ ਵ੍ਹੀਲਚੇਅਰ, ਟ੍ਰਾਈਸਾਈਕਲ, ਸਿਹਤ ਦੇ ਇਲਾਜ ਵਾਸਤੇ ਕਈ ਲੋੜਵੰਦ ਗਰੀਬ ਪਰਿਵਾਰਾਂ ਦੀ ਮਦਦ ਕੀਤੀ ਗਈ ਹੈ। ਸਿੱਖਿਆ ਲਈ ਬੱਚਿਆਂ ਦੀ ਪੜ੍ਹਾਈ ਵਾਸਤੇ ਬਹੁਤ ਸਾਰੇ ਕਾਰਜ ਲਗਾਤਾਰ ਜਾਰੀ ਹਨ ਤੇ ਅੱਗੇ ਹੋਰ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ। ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦਾ ਮਨੋਰਥ ਮਨੁੱਖਤਾ ਦੀ ਭਲਾਈ ਵਾਸਤੇ ਕਾਰਜ ਕਰਨਾ ਹੈ। ਉਹ ਦੁਨੀਆ ਦੇ ਕਿਸੇ ਵੀ ਕੋਨੇ ’ਤੇ ਹੋਵੇ ਤੇ ਕਿਸੇ ਵੀ ਧਰਮ ਦਾ ਹੋਵੇ।

PunjabKesari

ਬੇਗ਼ਮਪੁਰਾ ਏਡ ਮਨੁੱਖਤਾ ਦੀ ਸੇਵਾ ਨੂੰ ਹੀ ਉੱਤਮ ਧਰਮ ਮੰਨਦੀ ਹੈ
ਬੇਗ਼ਮਪੁਰਾ ਏਡ ਫਰਾਂਸ ਦੀ ਪ੍ਰਬੰਧਕੀ ਟੀਮ ਵੱਲੋਂ ਫ਼ੈਸਲਾ ਕੀਤਾ ਗਿਆ ਕਿ ਯੂਕ੍ਰੇਨ ਦੇ ਬਾਰਡਰ ’ਤੇ ਜਾ ਕੇ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ । ਰਾਮ ਸਿੰਘ ਮੈਹੰਗੜਾ ਦੀ ਅਗਵਾਈ ’ਚ ਉਨ੍ਹਾਂ ਦੇ ਨਾਲ ਪਰਮਿੰਦਰ ਸਿੰਘ ਅਤੇ ਅਮਰਜੀਤ ਕੈਲੇ ਤਿੰਨ ਮੈਂਬਰੀ ਟੀਮ ਪੈਰਿਸ ਤੋਂ ਪੋਲੈਂਡ ਦੀ ਰਾਜਧਾਨੀ ਵਾਰਸਾ ਪੁੱਜੀ। ਪੋਲੈਂਡ ਪੁੱਜਣ ’ਤੇ ਬਲਦੇਵ ਸਿੰਘ ਅਤੇ ਸੰਨੀ ਵੱਲੋਂ ਟੀਮ ਦਾ ਬਹੁਤ ਸਹਿਯੋਗ ਕੀਤਾ ਗਿਆ। ਯੂਕਰੇਨ ਬਾਰਡਰ ’ਤੇ ਜੋ ਸਾਮਾਨ ਖਾਣ-ਪੀਣ, ਕੱਪੜੇ, ਬੂਟ, ਖਾਸ ਤੌਰ ’ਤੇ ਛੋਟੇ ਬੱਚਿਆਂ ਲਈ ਲੋੜੀਂਦਾ ਸਾਮਾਨ ਇਥੋਂ ਖਰੀਦਿਆ ਗਿਆ।
ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਦੋਂ ਉਨ੍ਹਾਂ ਦੀ ਟੀਮ ਉੱਥੇ ਪਹੁੰਚੀ ਤਾਂ ਯੂਕ੍ਰੇਨ ਦੇ ਬਾਰਡਰ ’ਤੇ ਬਹੁਤ ਗ਼ਮਗੀਨ ਮਾਹੌਲ ਸੀ। ਛੋਟੇ-ਛੋਟੇ ਬੱਚਿਆਂ ਦੇ ਨਾਲ ਮਾਪਿਆਂ ਦੇ ਚਿਹਰਿਆਂ ’ਤੇ ਉਦਾਸੀ ਸਾਫ਼ ਦਿਖ ਰਹੀ ਸੀ। ਸ਼ਰਨਾਰਥੀ ਕੈਂਪ ਦੀ ਜਾਣਕਾਰੀ ਲੈਣ ਤੋਂ ਬਾਅਦ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸਾਮਾਨ ਦਿੱਤਾ ਗਿਆ । ਸਾਮਾਨ ਜ਼ਿਆਦਾ ਹੋਣ ਕਰਕੇ ਅਧਿਕਾਰੀਆਂ ਵੱਲੋਂ ਇਕ ਹੋਰ ਬਾਰਡਰ ਦਾ ਐਡਰੈੱਸ ਦਿੱਤਾ ਗਿਆ, ਜੋ ਕਿ ਤਕਰੀਬਨ ਪੰਜਾਹ ਕਿਲੋਮੀਟਰ ’ਤੇ ਸੀ। ਉਥੇ ਵੀ ਜਾ ਕੇ ਪੁਲਸ ਅਫ਼ਸਰਾਂ ਨੂੰ ਮਿਲੇ, ਜਿਥੇ ਸ਼ਰਨਾਰਥੀ ਕੈਂਪ ਲਈ ਸਾਮਾਨ ਦਿੱਤਾ ਗਿਆ ਇਥੇ ਵੀ ਪੋਲੈਂਡ ਦੀ ਫੌਜ ਦੇ ਜਵਾਨਾਂ ਵੱਲੋਂ ਸਾਮਾਨ ਉਤਾਰਨ ਲਈ ਮਦਦ ਕੀਤੀ ਗਈ

ਮਾਧਿਕਾ ਸ਼ਹਿਰ ਪੋਲੈਂਡ ਯੂਕ੍ਰੇਨ ਦਾ ਬਾਰਡਰ ਏਰੀਆ ਸੀ। ਇਥੇ ਵੀ ਵੱਖ-ਵੱਖ ਦੇਸ਼ਾਂ ਦੀਆ ਸੰਸਥਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ, ਜੋ ਮਾਨਵਤਾ ਦੀ ਭਲਾਈ ਵਾਸਤੇ ਲਗਾਤਾਰ ਕਾਰਜ ਕਰਦੀਆਂ ਹਨ। ਆਉਣ ਵਾਲੇ ਸਮੇਂ ’ਚ ਆਪ ਸਭ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦਾਂ ਦੀ ਮਦਦ ਲਈ ਬੇਗ਼ਮਪੁਰਾ ਏਡ ਇੰਟਰਨੈਸ਼ਨਲ ਦੀ ਟੀਮ ਕਾਰਜ ਕਰਦੀ ਰਹੇਗੀ।
 


author

Manoj

Content Editor

Related News