ਕੈਨੇਡਾ : ਪੁਲਸ 'ਚ ਸਿੱਖ ਅਧਿਕਾਰੀਆਂ ਨਾਲ ਵਿਤਕਰੇ ਦਾ ਮੁੱਦਾ ਗਰਮਾਇਆ

09/26/2020 11:15:20 AM

ਟੋਰਾਂਟੋ- ਕੋਰੋਨਾ ਮਹਾਮਾਰੀ ਦੌਰਾਨ ਕੈਨੇਡਾ ਵਿਚ ਰਾਇਲ ਕੈਨੇਡੀਅਨ ਮਾਊਂਟਡ ਪੁਲਸ (ਆਰ. ਸੀ. ਐੱਮ. ਪੀ.) ਵੱਲੋਂ ਸਿੱਖ ਅਧਿਕਾਰੀਆਂ ਨਾਲ ਵਿਤਕਰਾ ਦਾ ਮੁੱਦਾ ਗਰਮਾ ਗਿਆ ਹੈ, ਜਿਸ ਦੀ ਵਿਸ਼ਵ ਸਿੱਖ ਸੰਗਠਨ ਨੇ ਵੀ ਸਖ਼ਤ ਨਿੰਦਾ ਕੀਤੀ ਹੈ। ਸੰਗਠਨ ਨੇ ਕਿਹਾ ਕਿ ਆਰ. ਸੀ. ਐੱਮ. ਪੀ. ਵੱਲੋਂ ਸਿੱਖ ਅਫ਼ਸਰਾਂ ਨਾਲ ਵਿਤਕਰਾ ਕੀਤੇ ਜਾਣਾ ਨਿਰਾਸ਼ਾਜਨਕ ਹੈ। ਖ਼ਬਰਾਂ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਵਿਚ ਆਰ. ਸੀ. ਐੱਮ. ਪੀ. ਨੇ  ਸਿੱਖ ਅਫ਼ਸਰਾਂ ਨੂੰ ਦਾੜ੍ਹੀ ਕਾਰਨ ਬੀਤੀ 31 ਮਾਰਚ ਤੋਂ ਬਾਅਦ ਫਰੰਟਲਾਈਨ ਡਿਊਟੀ ਕਰਨ ਤੋਂ ਰੋਕ ਦਿੱਤਾ। ਹੁਣ ਲਗਭਗ 6 ਮਹੀਨਿਆਂ ਤੋਂ ਇਹ ਸਿੱਖ ਅਧਿਕਾਰੀ ਡੈਸਕ 'ਤੇ ਡਿਊਟੀ ਕਰ ਰਹੇ ਹਨ। 

ਉੱਥੇ ਹੀ, ਆਰ. ਸੀ. ਐੱਮ. ਪੀ. ਨੇ ਇਸ ਪਿੱਛੇ ਤਰਕ ਦਿੱਤਾ ਕਿ ਪੁਲਸ ਅਧਿਕਾਰੀਆਂ ਨੂੰ ਦਿੱਤੇ ਗਏ 'ਐੱਨ-100' ਮਾਸਕ ਦਾੜ੍ਹੀ ਵਾਲੇ ਅਫ਼ਸਰਾਂ ਦੇ ਚਿਹਰੇ 'ਤੇ ਫਿੱਟ ਨਹੀਂ ਬੈਠਦੇ ਸਨ। ਇਸ ਲਈ ਉਸ ਨੇ ਇਨ੍ਹਾਂ ਸਿੱਖ ਅਫ਼ਸਰਾਂ ਦੀ ਡਿਊਟੀ ਡੈਸਕ 'ਤੇ ਲਾ ਦਿੱਤੀ। ਸਿੱਖ ਅਧਿਕਾਰੀਆਂ ਨੇ ਕਿਹਾ ਕਿ ਮਾਸਕ ਲਾਜ਼ਮੀ ਨਹੀਂ ਸੀ, ਸਿਰਫ਼ ਜ਼ਿਆਦਾ ਜ਼ੋਖ਼ਮ ਵਾਲੀਆਂ ਥਾਵਾਂ 'ਤੇ ਹੀ ਮਾਸਕ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਜਾਇਜ਼ ਕਾਰਨ ਫਰੰਟਲਾਈਨ ਡਿਊਟੀ ਤੋਂ ਹਟਾ ਦਿੱਤਾ ਗਿਆ। 

ਵਿਸ਼ਵ ਸਿੱਖ ਸੰਗਠਨ ਨੇ ਕਿਹਾ ਕਿ ਬੀ. ਸੀ. ਵਿਚ ਆਰ. ਸੀ. ਐੱਮ. ਪੀ. ਵੱਲੋਂ ਸਿੱਖ ਅਫ਼ਸਰਾਂ ਨੂੰ ਫਰੰਟਲਾਈਨ ਡਿਊਟੀ ਤੋਂ ਹਟਾਉਣਾ ਚਿੰਤਾਜਨਕ ਹੈ, ਜਦ ਕਿ ਦੂਜੀਆਂ ਥਾਵਾਂ 'ਤੇ ਸਿੱਖ ਫਰੰਟਲਾਈਨ 'ਤੇ ਡਿਊਟੀ ਕਰ ਰਹੇ ਹਨ। ਇਹ ਵੀ ਸਪੱਸ਼ਟ ਨਹੀਂ ਹੈ ਕਿ ਆਰ. ਸੀ. ਐੱਮ. ਪੀ. ਨੇ ਪੁਲਸ ਅਧਿਕਾਰੀਆਂ ਲਈ 'ਐੱਨ100' ਮਾਸਕ ਕਿਉਂ ਜ਼ਰੂਰੀ ਕੀਤਾ ਹੈ, ਜਦ ਕਿ ਮੈਡੀਕਲ ਪੇਸ਼ੇਵਰਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੌਰਾਨ ਆਮ ਮੈਡੀਕਲ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। ਸਿਰਫ਼ ਕੁਝ ਮਾਮਲਿਆਂ 'ਚ ਹੀ 'ਐਨ95' ਮਾਸਕ ਦੀ ਲੋੜ ਹੁੰਦੀ ਹੈ। 

ਵਿਚ ਪਹਿਲੇ ਦਸਤਾਰਧਾਰੀ ਸਿੱਖ ਅਫਸਰ ਰਹੇ ਰਿਟਾਇਰਡ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਨੇ ਇਸ ਮੁੱਦੇ ਨੂੰ ਜਨਤਕ ਸੁਰੱਖਿਆ ਮੰਤਰੀ ਬਿਲ ਬਲੇਅਰ ਅੱਗੇ ਰੱਖਿਆ। ਉਨ੍ਹਾਂ ਕਿਹਾ ਕਿ  ਹਰ ਪੁਲਸ ਅਧਿਕਾਰੀ ਨੂੰ ਬਿਨਾਂ ਕਿਸੇ ਵਿਤਕਰੇ ਦੇ ਬਰਾਬਰੀ ਦੇ ਅਧਿਕਾਰ ਦਿੱਤੇ ਜਾਣ। ਬ੍ਰਿਟਿਸ਼ ਕੋਲੰਬੀਆ ਦੀ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਜਿੱਥੇ ਕੋਰੋਨਾ ਦਾ ਬਹੁਤਾ ਖਤਰਾ ਨਹੀਂ ਹੈ, ਉੱਥੇ ਅਧਿਕਾਰੀਆਂ ਨੂੰ ਐੱਨ-95 ਮਾਸਕ ਪਾਉਣਾ ਲਾਜ਼ਮੀ ਨਹੀਂ ਹੈ। 


Lalita Mam

Content Editor

Related News