ਬੰਗਲਾਦੇਸ਼ : ਹਸੀਨਾ ਸਰਕਾਰ ਨੂੰ ਅਹੁਦੇ ਤੋਂ ਉਤਾਰਨ ਵਾਲੇ ਵਿਦਿਆਰਥੀਆਂ ਨੇ ਬਣਾਈ ਸਿਆਸੀ ਪਾਰਟੀ
Sunday, Mar 02, 2025 - 12:23 AM (IST)

ਢਾਕਾ, (ਭਾਸ਼ਾ)– ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ ਵਿਖਾਵੇ ਦੀ ਅਗਵਾਈ ਕਰਨ ਵਾਲੇ ਵਿਦਿਆਰਥੀ ਸਮੂਹ ਨੇ ਸ਼ੁੱਕਰਵਾਰ ਨੂੰ ਇਕ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹੁਣ ਦੇਸ਼ ਵਿਚ ਭਾਰਤ ਤੇ ਪਾਕਿਸਤਾਨ ਸਮਰਥਕ ਸਿਆਸਤ ਲਈ ਕੋਈ ਜਗ੍ਹਾ ਨਹੀਂ ਹੋਵੇਗੀ।
ਵਿਤਕਰੇ ਖਿਲਾਫ ਵਿਦਿਆਰਥੀ (ਐੱਸ. ਏ. ਡੀ.) ਨੇ ਢਾਕਾ ਦੇ ਮਾਣਿਕ ਮੀਆਂ ਐਵੇਨਿਊ ’ਚ ਇਕ ਰੈਲੀ ਆਯੋਜਿਤ ਕੀਤੀ ਅਤੇ ‘ਜਾਤੀ ਨਾਗਰਿਕ ਪਾਰਟੀ’ ਜਾਂ ਕੌਮੀ ਨਾਗਰਿਕ ਪਾਰਟੀ (ਐੱਨ. ਸੀ. ਪੀ.) ਦਾ ਗਠਨ ਕਰਨ ਦਾ ਫੈਸਲਾ ਕੀਤਾ। ਇਸ ਦੇ ਕਨਵੀਨਰ ਜੁਲਾਈ-ਅਗਸਤ ਦੀ ਬਗਾਵਤ ਦੇ ਪ੍ਰਮੁੱਖ ਨੇਤਾਵਾਂ ਵਿਚੋਂ ਇਕ ਨਾਹਿਦ ਇਸਲਾਮ ਹਨ। ਵਿਦਿਆਰਥੀ ਨੇਤਾਵਾਂ ਨੇ ਇਸ ਪ੍ਰੋਗਰਾਮ ਵਿਚ ਇਕ ਐਲਾਨਨਾਮਾ ਵੀ ਜਾਰੀ ਕੀਤਾ, ਜਿਸ ਵਿਚ ਕੁਝ ਸਿਆਸੀ ਪਾਰਟੀਆਂ ਦੇ ਪ੍ਰਤੀਨਿਧੀਆਂ ਅਤੇ ਵੈਟੀਕਨ ਤੇ ਪਾਕਿਸਤਾਨ ਦੇ ਡਿਪਲੋਮੈਟਾਂ ਨੇ ਵੀ ਹਿੱਸਾ ਲਿਆ।
ਵਿਦਿਆਰਥੀ ਅੰਦੋਲਨ ਕਾਰਨ ਪਿਛਲੇ ਸਾਲ 5 ਅਗਸਤ ਨੂੰ ਹਸੀਨਾ ਦੇ 15 ਸਾਲਾਂ ਤੋਂ ਵੱਧ ਦੇ ਰਾਜ ਦਾ ਅੰਤ ਹੋਇਆ ਸੀ। ਇਸ ਘਟਨਾਚੱਕਰ ਤੋਂ 3 ਦਿਨ ਬਾਅਦ ਮੁਹੰਮਦ ਯੂਨੁਸ ਨੇ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਵਜੋਂ ਕਾਰਜ ਭਾਰ ਸੰਭਾਲਿਆ, ਜੋ ਪ੍ਰਭਾਵੀ ਢੰਗ ਨਾਲ ਪ੍ਰਧਾਨ ਮੰਤਰੀ ਹਨ।