ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਢਾਕਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ

Thursday, Aug 08, 2024 - 12:28 AM (IST)

ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਢਾਕਾ ਹਵਾਈ ਅੱਡੇ ਤੋਂ ਗ੍ਰਿਫ਼ਤਾਰ

ਢਾਕਾ/ਲੰਡਨ : ਬੰਗਲਾਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਹਸਨ ਮਹਿਮੂਦ ਅਤੇ ਸਾਬਕਾ ਰਾਜ ਮੰਤਰੀ ਜੁਨੈਦ ਅਹਿਮਦ ਪਲਕ ਨੂੰ ਮੰਗਲਵਾਰ ਨੂੰ ਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਹੋਏ ਢਾਕਾ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ। ਇਹ ਘਟਨਾਕ੍ਰਮ ਅਜਿਹੇ ਸਮੇਂ ਵਿਚ ਹੋਇਆ ਹੈ ਜਦੋਂ ਪ੍ਰਧਾਨ ਮੰਤਰੀ ਹਸੀਨਾ ਨੇ ਰਾਖਵਾਂਕਰਨ ਵਿਰੋਧੀ ਹਿੰਸਕ ਪ੍ਰਦਰਸ਼ਨਾਂ ਦਰਮਿਆਨ ਇਕ ਦਿਨ ਪਹਿਲਾਂ ਹੀ ਅਚਾਨਕ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੇਸ਼ ਛੱਡ ਦਿੱਤਾ ਸੀ। ਹਸੀਨਾ ਸੋਮਵਾਰ ਨੂੰ ਬੰਗਲਾਦੇਸ਼ ਹਵਾਈ ਫ਼ੌਜ ਦੇ ਸੀ-130ਜੇ ਮਿਲਟਰੀ ਜਹਾਜ਼ ਰਾਹੀਂ ਭਾਰਤ ਪਹੁੰਚੀ। 'ਢਾਕਾ ਟ੍ਰਿਬਿਊਨ' ਅਖ਼ਬਾਰ ਨੇ ਏਅਰਪੋਰਟ ਏਵੀਏਸ਼ਨ ਸਕਿਓਰਿਟੀ (ਏਵੀਐੱਸਈਸੀ) ਦੇ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਮਹਿਮੂਦ ਦਿੱਲੀ ਲਈ ਫਲਾਈਟ ਫੜਨ ਲਈ ਢਾਕਾ ਦੇ ਹਜ਼ਰਤ ਸ਼ਾਹਜਲਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਉਸ ਨੂੰ ਬੰਗਲਾਦੇਸ਼ ਛੱਡਣ ਦੀ ਕੋਸ਼ਿਸ਼ ਕਰਦੇ ਹੋਏ ਹਵਾਈ ਅੱਡੇ 'ਤੇ ਹਿਰਾਸਤ 'ਚ ਲਿਆ ਗਿਆ ਸੀ।

ਮਹਿਮੂਦ ਨੇ ਹਸੀਨਾ ਸਰਕਾਰ ਵਿਚ ਵਿਦੇਸ਼ ਮੰਤਰੀ ਵਜੋਂ ਕੰਮ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਵਿਦੇਸ਼ ਮੰਤਰੀ ਨੇ ਪਹਿਲਾਂ ਭਾਰਤ ਨਾਲ ਲੱਗਦੀ ਜ਼ਮੀਨੀ ਬੰਦਰਗਾਹ ਰਾਹੀਂ ਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਮਹਿਮੂਦ ਨੂੰ ਹਿਰਾਸਤ 'ਚ ਲਏ ਜਾਣ ਤੋਂ ਕੁਝ ਘੰਟੇ ਪਹਿਲਾਂ ਸੂਬੇ ਦੇ ਸਾਬਕਾ ਦੂਰਸੰਚਾਰ ਮੰਤਰੀ ਜੁਨੈਦ ਅਹਿਮਦ ਪਲਕ ਨੂੰ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੇਸ਼ ਛੱਡਣ ਤੋਂ ਰੋਕ ਦਿੱਤਾ ਸੀ। ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਸੀਨਾ ਦੀ ਅਵਾਮੀ ਲੀਗ ਦੇ ਕਈ ਚੋਟੀ ਦੇ ਨੇਤਾ ਅਤੇ ਸੰਸਦ ਮੈਂਬਰ ਅਤੇ ਕੈਬਨਿਟ ਮੰਤਰੀ ਉਨ੍ਹਾਂ ਦੇ ਜਾਣ ਤੋਂ ਪਹਿਲਾਂ ਹੀ ਦੇਸ਼ ਛੱਡ ਗਏ ਸਨ। ਰਿਪੋਰਟ ਮੁਤਾਬਕ ਅਵਾਮੀ ਲੀਗ ਦੇ ਜਨਰਲ ਸਕੱਤਰ ਅਤੇ ਸਾਬਕਾ ਸੜਕ ਆਵਾਜਾਈ ਮੰਤਰੀ ਓਬੈਦੁਲ ਕਾਦਿਰ ਐਤਵਾਰ ਰਾਤ ਨੂੰ ਹੀ ਦੇਸ਼ ਛੱਡ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News