ਬੰਗਲਾਦੇਸ਼ ਨੇ ਚੀਨ ਦੀ ਕੋਰੋਨਾ ਵੈਕਸੀਨ ਦੇ ਤੀਜੇ ਪੜਾਅ ਦੇ ਟ੍ਰਾਇਲ ਨੂੰ ਦਿੱਤੀ ਇਜਾਜ਼ਤ

Tuesday, Jul 21, 2020 - 02:20 AM (IST)

ਢਾਕਾ - ਬੰਗਲਾਦੇਸ਼ ਨੇ ਚੀਨ ਦੀ ਸਿਨੋਵੈਕ ਬਾਇਓਟੈੱਕ ਵੈਕਸੀਨ ਨੂੰ ਤੀਜੇ ਪੜਾਅ ਦੇ ਟ੍ਰਾਇਲ ਦੀ ਮਨਜ਼ੂਰੀ ਦੇ ਦਿੱਤੀ ਹੈ। ਬੰਗਲਾਦੇਸ਼ ਦੱਖਣੀ ਏਸ਼ੀਆ ਦਾ ਸਭ ਤੋਂ ਵੱਧ ਸੰਘਣੀ ਆਬਾਦੀ ਵਾਲਾ ਦੇਸ਼ ਹੈ ਅਤੇ ਇਥੇ ਕੋਰੋਨਾ ਦੀ ਲਾਗ ਤੇਜ਼ੀ ਨਾਲ ਵੱਧ ਰਹੀ ਹੈ। ਸਿਨੋਵੈਕ ਚੀਨ ਤੋਂ ਬਾਹਰ ਦੇ ਲੋਕਾਂ ਦੀ ਭਾਲ ਕਰ ਰਹੀ ਸੀ ਤਾਂ ਜੋ ਉਨਾਂ 'ਤੇ ਟ੍ਰਾਇਲ ਕਰਕੇ ਦੇਖਿਆ ਜਾ ਸਕੇ। ਬੰਗਲਾਦੇਸ਼ ਵਿਚ ਸਿਨੋਵੈਕ ਦੇ ਤੀਜੇ ਪੜਾਅ ਦੇ ਟ੍ਰਾਇਲ ਦੀ ਪੁਸ਼ਟੀ ਕੋਵਿਡ-19 'ਤੇ ਬਣੀ ਇਕ ਕਮੇਟੀ ਦੇ ਮੈਂਬਰ ਨੇ ਵੀ ਕੀਤੀ ਹੈ। 'ਦਿ ਇੰਟਰਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਰਿਸਰਚ ਬੰਗਲਾਦੇਸ਼' ਨੇ ਕਿਹਾ ਹੈ ਕਿ ਅਗਲੇ ਮਹੀਨੇ ਤੋਂ ਇਸ ਦਾ ਟ੍ਰਾਇਲ ਸ਼ੁਰੂ ਹੋਵੇਗਾ।

ਬੰਗਲਾਦੇਸ਼ ਮੈਡੀਕਲ ਰਿਸਰਚ ਕਾਊਂਸਿਲ ਦੇ ਡਾਇਰੈਕਟਰ ਮਹਿਮੂਦ ਜ਼ਹਾਨ ਨੇ ਨਿਊਜ਼ ਏਜੰਸੀ ਰਾਇਟਰਸ ਨੂੰ ਕਿਹਾ ਕਿ ਅਸੀਂ ਰਿਸਰਚ ਪ੍ਰੋਟੋਕਾਲ ਦੀ ਸਮੀਖਿਆ ਤੋਂ ਬਾਅਦ ਚੀਨ ਨੂੰ ਸਿਧਾਂਤਿਕ ਰੂਪ ਤੋਂ ਇਜਾਜ਼ਤ ਦੇ ਦਿੱਤੀ ਹੈ। 4,200 ਲੋਕ ਟ੍ਰਾਇਲ ਵਿਚ ਸ਼ਾਮਲ ਹੋਣ ਲਈ ਅਪਲਾਈ ਕਰਨਗੇ ਅਤੇ ਇਨ੍ਹਾਂ ਵਿਚੋਂ ਅੱਧਿਆਂ ਨੂੰ ਵੈਕਸੀਨ ਦਿੱਤੀ ਜਾਵੇਗੀ। ਇਹ ਟ੍ਰਾਇਲ ਢਾਕਾ ਦੇ 7 ਕੋਵਿਡ-19 ਹਸਪਤਾਲਾਂ ਵਿਚ ਕੀਤਾ ਜਾਵੇਗਾ। ਦੱਸ ਦਈਏ ਕਿ ਬੰਗਲਾਦੇਸ਼ ਵਿਚ ਹੁਣ ਕੋਰੋਨਾਵਾਇਰਸ ਦੇ 207,453 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 2,668 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 113,556 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਸਿਨੋਵੈਕ ਬ੍ਰਾਜ਼ੀਲ ਵਿਚ ਵੀ ਇਸ ਹਫਤੇ ਤੀਜੇ ਪੜਾਅ ਦਾ ਟ੍ਰਾਇਲ ਕਰਨ ਜਾ ਰਹੀ ਹੈ।


Khushdeep Jassi

Content Editor

Related News