ਸ਼ੇਖ ਹਸੀਨਾ ਦੀ ਮੌਤ ਦਾ ਫ਼ਤਵਾ ਜਾਰੀ ਹੋਣ ਤੋਂ ਬਾਅਦ ਮੁੜ ਸੁਲਗਣ ਲੱਗਾ ਬੰਗਲਾਦੇਸ਼ ! 50 ਤੋਂ ਵੱਧ ਲੋਕ ਜ਼ਖ਼ਮੀ

Tuesday, Nov 18, 2025 - 03:01 PM (IST)

ਸ਼ੇਖ ਹਸੀਨਾ ਦੀ ਮੌਤ ਦਾ ਫ਼ਤਵਾ ਜਾਰੀ ਹੋਣ ਤੋਂ ਬਾਅਦ ਮੁੜ ਸੁਲਗਣ ਲੱਗਾ ਬੰਗਲਾਦੇਸ਼ ! 50 ਤੋਂ ਵੱਧ ਲੋਕ ਜ਼ਖ਼ਮੀ

ਇੰਟਰਨੈਸ਼ਨਲ ਡੈਸਕ- ਬੀਤੇ ਦਿਨ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਫਾਂਸੀ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਬੰਗਲਾਦੇਸ਼ 'ਚ ਇਕ ਵਾਰ ਫ਼ਿਰ ਤੋਂ ਦੰਗਿਆਂ ਵਾਲਾ ਮਾਹੌਲ ਬਣ ਗਿਆ ਹੈ। ਪੂਰੇ ਦੇਸ਼ ਵਿੱਚ ਤਣਾਅ ਅਤੇ ਹਿੰਸਾ ਭੜਕ ਉੱਠੀ ਹੈ ਤੇ ਫੈਸਲੇ ਤੋਂ ਬਾਅਦ ਰਾਤ ਭਰ ਕਈ ਇਲਾਕਿਆਂ ਵਿੱਚ ਹਮਲਿਆਂ, ਅੱਗਜ਼ਨੀ ਅਤੇ ਵਿਰੋਧ ਪ੍ਰਦਰਸ਼ਨਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਰਿਪੋਰਟਾਂ ਅਨੁਸਾਰ, ਇਸ ਹਿੰਸਾ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਕਈ ਸੁਰੱਖਿਆ ਕਰਮੀ ਵੀ ਸ਼ਾਮਲ ਹਨ।

ਅੰਤਰਰਾਸ਼ਟਰੀ ਅਪਰਾਧ ਟ੍ਰਿਬਿਊਨਲ (ICT) ਨੇ ਸੋਮਵਾਰ ਨੂੰ ਸ਼ੇਖ ਹਸੀਨਾ ਨੂੰ ਪਿਛਲੇ ਸਾਲ ਜੁਲਾਈ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਕੀਤੇ ਗਏ ਮਨੁੱਖਤਾ ਵਿਰੁੱਧ ਅਪਰਾਧਾਂ ਦੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਅਤੇ ਉਨ੍ਹਾਂ ਨੂੰ ਮੌਤ ਦੀ ਸਜ਼ਾ ਸੁਣਾਈ। ਹਸੀਨਾ 'ਤੇ ਲੱਗੇ 5 ਵੱਡੇ ਦੋਸ਼ਾਂ ਕਾਰਨ ਉਨ੍ਹਾਂ ਨੂੰ ਇਹ ਸਜ਼ਾ ਮਿਲੀ ਹੈ।

ਇਹ ਵੀ ਪੜ੍ਹੋ- WB ; SIR ਦੇ ਡਰੋਂ ਗਲ਼ ਲਾ ਲਈ ਮੌਤ ! ਔਰਤ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ

ਟ੍ਰਿਬਿਊਨਲ ਨੇ ਹਸੀਨਾ ਦੇ ਦੋ ਚੋਟੀ ਦੇ ਸਹਿਯੋਗੀਆਂ- ਸਾਬਕਾ ਗ੍ਰਹਿ ਮੰਤਰੀ ਅਸਦੁਜ਼ਮਾਂ ਖਾਨ ਕਮਾਲ ਅਤੇ ਸਾਬਕਾ ਪੁਲਸ ਮਹਾਨਿਰੀਖਕ (IGP) ਚੌਧਰੀ ਅਬਦੁੱਲਾ ਅਲ-ਮਾਮੂਨ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਇਸ ਫ਼ੈਸਲੇ ਤੋਂ ਬਾਅਦ ਸਭ ਤੋਂ ਵੱਧ ਹਿੰਸਕ ਪ੍ਰਦਰਸ਼ਨ ਰਾਜਧਾਨੀ ਢਾਕਾ ਦੇ ਧਨਮੰਡੀ 32 ਇਲਾਕੇ ਵਿੱਚ ਦੇਖਣ ਨੂੰ ਮਿਲੇ, ਜੋ ਕਿ ਬੰਗਲਾਦੇਸ਼ ਦੇ ਸੰਸਥਾਪਕ ਅਤੇ ਸ਼ੇਖ ਹਸੀਨਾ ਦੇ ਪਿਤਾ ਸ਼ੇਖ ਮੁਜੀਬੁਰ ਰਹਿਮਾਨ ਦਾ ਘਰ ਹੈ।

ਤਣਾਅ ਇੰਨਾ ਵਧ ਗਿਆ ਕਿ ਸਾਬਕਾ ਰਾਸ਼ਟਰਪਤੀ ਅਬਦੁੱਲ ਹਾਮਿਦ ਦੇ ਕਿਸ਼ੋਰਗੰਜ ਜ਼ਿਲ੍ਹੇ ਵਿੱਚ ਸਥਿਤ ਘਰ 'ਤੇ ਵੀ ਦੇਰ ਰਾਤ 20 ਤੋਂ 30 ਲੋਕਾਂ ਦੀ ਭੀੜ ਨੇ ਹਮਲਾ ਕਰ ਦਿੱਤਾ ਅਤੇ ਭੰਨਤੋੜ ਕੀਤੀ।

ਦੇਸ਼ ਵਿੱਚ ਸੁਰੱਖਿਆ ਏਜੰਸੀਆਂ ਨੂੰ ਰਾਤ ਭਰ ਹਾਲਾਤ ਕਾਬੂ ਕਰਨ ਲਈ ਤਾਇਨਾਤ ਰਹਿਣਾ ਪਿਆ ਤੇ ਸਪੈਸ਼ਲ ਫੋਰਸਾਂ ਨੂੰ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਇੰਟਰਨੈੱਟ ਸੇਵਾਵਾਂ ਅਤੇ ਸੰਚਾਰ 'ਤੇ ਵੀ ਨਿਗਰਾਨੀ ਵਧਾ ਦਿੱਤੀ ਗਈ ਹੈ।


author

Harpreet SIngh

Content Editor

Related News