ਬਲੋਚਿਸਤਾਨ 11 ਅਗਸਤ ਨੂੰ ਮਨਾਏਗਾ ਆਜ਼ਾਦੀ ਦਿਹਾੜਾ
Wednesday, Aug 05, 2026 - 02:26 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) - ਬਲੋਚਿਸਤਾਨ ਖੇਤਰਫਲ ਦੇ ਹਿਸਾਬ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਇਸ ਦੇ ਬਾਵਜੂਦ ਇਹ ਪਾਕਿਸਤਾਨ ਦੇ ਸਭ ਤੋਂ ਘੱਟ ਆਬਾਦੀ ਵਾਲੇ ਅਤੇ ਸਭ ਤੋਂ ਘੱਟ ਵਿਕਸਤ ਖੇਤਰਾਂ ਵਿਚੋਂ ਇਕ ਹੈ। ਬਲੋਚਿਸਤਾਨ ਗਣਰਾਜ ਨੇ 11 ਅਗਸਤ ਨੂੰ ਬਲੋਚਿਸਤਾਨ ਦਾ ਆਜ਼ਾਦੀ ਦਿਵਸ ਐਲਾਨਿਆ।
ਇਕ ਬਿਆਨ ਵਿਚ ਬਲੋਚਿਸਤਾਨ ਗਣਰਾਜ ਨੇ ਬਲੋਚ ਲੋਕਾਂ ਨੂੰ ਇਸ ਦਿਨ ਨੂੰ ਰਾਸ਼ਟਰੀ ਏਕਤਾ ਨਾਲ ਮਨਾਉਣ ਦੀ ਅਪੀਲ ਕੀਤੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਕ ਸੁਤੰਤਰ ਅਤੇ ਗਣਤੰਤਰ ਬਲੋਚਿਸਤਾਨ ਨੂੰ ਮਾਨਤਾ ਦੇਣ ਦੀ ਅਪੀਲ ਕੀਤੀ।
ਬਲੋਚ ਲਿਬਰੇਸ਼ਨ ਦੇ ਨੇਤਾ ਮੀਰ ਯਾਰ ਬਲੋਚ ਨੇ ਕਿਹਾ ਕਿ ਬਲੋਚ ਕੌਮ ਦੇ ਲੋਕਾਂ ਨੂੰ ਆਪਣੇ ਘਰਾਂ, ਮੁਹੱਲਿਆਂ, ਬਾਜ਼ਾਰਾਂ, ਦੁਕਾਨਾਂ, ਵਿੱਦਿਅਕ ਸੰਸਥਾਵਾਂ ਅਤੇ ਹੋਰ ਜਨਤਕ ਥਾਵਾਂ ’ਤੇ ਸੁਤੰਤਰ ਬਲੋਚਿਸਤਾਨ ਦਾ ਰਾਸ਼ਟਰੀ ਝੰਡਾ ਲਹਿਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮਕਸਦ ਇਸ ਇਤਿਹਾਸਕ ਦਿਨ ਦੀ ਮਹੱਤਤਾ ਨੂੰ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣਾ ਹੈ। ਬਿਆਨ ਅਨੁਸਾਰ ਬਲੋਚਿਸਤਾਨ ਗਣਰਾਜ 11 ਅਗਸਤ ਨੂੰ ਆਪਣਾ ਆਜ਼ਾਦੀ ਦਿਵਸ ਮੰਨਦਾ ਹੈ।
