ਆਸਟਰੀਆ ਅਤੇ ਇਟਲੀ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 9 ਲੋਕਾਂ ਦੀ ਮੌਤ
Monday, Feb 06, 2023 - 09:43 AM (IST)
![ਆਸਟਰੀਆ ਅਤੇ ਇਟਲੀ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ 9 ਲੋਕਾਂ ਦੀ ਮੌਤ](https://static.jagbani.com/multimedia/2023_2image_09_43_044279650avalanche.jpg)
ਫਰੈਂਕਫਰਟ (ਭਾਸ਼ਾ)- ਆਸਟਰੀਆ ਅਤੇ ਇਟਲੀ ਵਿੱਚ ਹਫ਼ਤੇ ਦੇ ਅੰਤ ਵਿੱਚ ਬਰਫੀਲੇ ਤੂਫਾਨ ਕਾਰਨ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ, ਜਦੋਂ ਭਾਰੀ ਬਰਫਬਾਰੀ ਅਤੇ ਸਕੂਲਾਂ ਦੀਆਂ ਛੁੱਟੀਆਂ ਕਾਰਨ ਵੱਡੀ ਗਿਣਤੀ 'ਚ ਲੋਕ ਐਲਪਸ 'ਤੇ 'ਸਕੀ' ਕਰਨ ਲਈ ਪਹੁੰਚ ਰਹੇ ਹਨ।
ਐਤਵਾਰ ਨੂੰ ਆਸਟਰੀਆ ਦੇ ਪੂਰਬੀ ਤਿਰੋਲ 'ਚ ਬਰਫ ਹਟਾਉਣ ਵਾਲੇ ਵਾਹਨ ਦਾ ਡਰਾਈਵਰ ਮ੍ਰਿਤਕ ਪਾਇਆ ਗਿਆ। ਆਸਟਰੀਆ ਦੇ ਤਿਰੋਲ ਖੇਤਰ ਵਿੱਚ ਇੱਕ ਦਰਜਨ ਤੋਂ ਵੱਧ ਬਰਫ਼ ਦੇ ਤੋਦੇ ਡਿੱਗਣ ਦੀ ਖ਼ਬਰ ਮਿਲੀ ਹੈ। ਅਧਿਕਾਰੀਆਂ ਨੇ ਚੇਤਾਵਨੀ ਪੱਧਰ ਨੂੰ 5 ਦੀ ਬਜਾਏ 4 ਕਰ ਦਿੱਤਾ ਹੈ ਅਤੇ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਨੇ ਹੁਣ ਤੱਕ ਆਸਟ੍ਰੀਆ ਅਤੇ ਇਟਲੀ ਵਿੱਚ 9 ਮੌਤਾਂ ਦੀ ਰਿਪੋਰਟ ਕੀਤੀ ਹੈ।