ਆਸਟਰੀਆ ’ਚ ਬਰਫ਼ ਦੇ ਤੋਦੇ ਡਿੱਗਣ ਕਾਰਨ 8 ਲੋਕਾਂ ਦੀ ਮੌਤ
Monday, Jan 19, 2026 - 02:56 AM (IST)
ਵਿਏਨਾ (ਭਾਸ਼ਾ) - ਆਸਟਰੀਆ ’ਚ ਬਰਫ਼ ਦੇ ਤੋਦੇ ਡਿੱਗਣ ਦੀਆਂ 3 ਘਟਨਾਵਾਂ ’ਚ 8 ਸਕੀਅਰਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪੋਂਗਾਊ ਪਰਬਤੀ ਬਚਾਅ ਸੇਵਾ ਅਨੁਸਾਰ, ਸ਼ਨੀਵਾਰ ਦੁਪਹਿਰ ਲੱਗਭਗ 12:30 ਵਜੇ ਪੱਛਮੀ ਆਸਟਰੀਆ ਦੇ ਬੈਡ ਹੋਫਗਾਸਟੀਨ ਖੇਤਰ ਵਿਚ ਲੱਗਭਗ 2,200 ਮੀਟਰ (7,200 ਫੁੱਟ) ਦੀ ਉਚਾਈ ’ਤੇ ਬਰਫ਼ ਦੇ ਤੋਦੇ ਡਿੱਗਣ ਕਾਰਨ ਇਕ ਮਹਿਲਾ ਸਕੀਅਰ ਦੀ ਮੌਤ ਹੋ ਗਈ।
ਕਰੀਬ 90 ਮਿੰਟ ਬਾਅਦ, ਸਾਲਜ਼ਬਰਗ ਸ਼ਹਿਰ ਦੇ ਦੱਖਣ ਵਿਚ ਸਥਿਤ ਗਾਸਟਾਈਨ ਘਾਟੀ ਕੋਲ ਬਰਫ਼ ਦੇ ਤੋਦੇ ਡਿੱਗੇ, ਜਿਸ ’ਚ 7 ਲੋਕ ਇਸ ਦੀ ਲਪੇਟ ਵਿਚ ਆ ਗਏ। ਇਨ੍ਹਾਂ ’ਚੋਂ 4 ਲੋਕਾਂ ਦੀ ਮੌਤ ਹੋ ਗਈ, 2 ਗੰਭੀਰ ਰੂਪ ਵਿਚ ਜ਼ਖਮੀ ਹੋ ਗਏ, ਜਦਕਿ ਇਕ ਵਿਅਕਤੀ ਵਾਲ-ਵਾਲ ਬਚ ਗਿਆ।
ਪੁਲਸ ਨੇ ਦੱਸਿਆ ਕਿ ਮੱਧ ਆਸਟਰੀਆ ਦੇ ਪੁਸਟਰਵਾਲਡ ਸ਼ਹਿਰ ਵਿਚ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਬਰਫ ਦੇ ਤੋਦੇ ਡਿੱਗਣ ਕਾਰਨ ਚੈੱਕ ਗਣਰਾਜ ਦੇ 3 ਨਾਗਰਿਕ ਮਾਰੇ ਗਏ, ਜਦਕਿ ਉਨ੍ਹਾਂ ਦੇ 4 ਸਾਥੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
