ਕੋਰੋਨਾ ਕਾਰਨ ਰਾਹ ''ਚ ਫਸਿਆ ਜਹਾਜ਼, ਮਦਦ ਲਈ ਜਾਪਾਨ ਪੁੱਜੇ ਆਸਟ੍ਰੇਲੀਆਈ ਮਾਹਿਰ

02/16/2020 12:54:54 PM

ਟੋਕੀਓ— ਕੋਰੋਨਾ ਵਾਇਰਸ ਦੇ ਡਰ ਕਾਰਨ ਜਾਪਾਨ ਦੇ ਤਟ 'ਤੇ 5 ਫਰਵਰੀ ਤੋਂ ਖੜ੍ਹੇ ਕਰੂਜ਼ ਸ਼ਿਪ 'ਚ ਸਵਾਰ ਲੋਕਾਂ ਦੇ ਡਰ ਕਾਰਨ ਸਾਹ ਸੁੱਕੇ ਹੋਏ ਹਨ। ਹਰ ਕੋਈ ਕੋਰੋਨਾ ਤੋਂ ਬਚਣ ਅਤੇ ਆਪਣੇ ਦੇਸ਼ ਵਾਪਸ ਜਾਣ ਲਈ ਅਰਦਾਸਾਂ ਕਰ ਰਿਹਾ ਹੈ। ਇਸ ਜਹਾਜ਼ 'ਚ 200 ਆਸਟ੍ਰੇਲੀਅਨਜ਼ ਸਣੇ 3700 ਲੋਕ ਸਵਾਰ ਸਨ, ਜਿਨ੍ਹਾਂ 'ਚੋਂ 355 ਲੋਕਾਂ ਨੂੰ ਜਾਪਾਨ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਆਸਟ੍ਰੇਲੀਆ ਤੋਂ ਕਈ ਮਾਹਿਰ ਜਾਪਾਨ ਪੁੱਜੇ ਹਨ ਤਾਂ ਕਿ ਕਰੂਜ਼ 'ਚ ਸਵਾਰ ਲੋਕਾਂ ਦੀ ਮਦਦ ਕਰ ਸਕਣ।

ਜ਼ਿਕਰਯੋਗ ਹੈ ਕਿ ਡਾਇਮੰਡ ਪ੍ਰਿੰਸਜ਼ ਕਰੂਜ਼ ਸ਼ਿਪ ਯੋਕੋਹਮਾ 'ਚ ਵੱਖਰੀ ਖੜ੍ਹੀ ਹੈ ਕਿਉਂਕਿ ਇਸ 'ਚ ਕੋਰੋਨਾ ਨਾਲ ਪੀੜਤ ਵਿਅਕਤੀ ਮਿਲਿਆ ਸੀ। ਆਸਟ੍ਰੇਲੀਆ ਦੇ ਮਾਹਿਰਾਂ ਵਲੋਂ ਕੌਮਾਂਤਰੀ ਟੀਮ ਨਾਲ ਮਿਲ ਕੇ ਇਸ ਸਬੰਧੀ ਕੰਮ ਕੀਤਾ ਜਾ ਰਿਹਾ ਹੈ।

ਟੋਕੀਓ 'ਚ ਆਸਟ੍ਰੇਲੀਅਨ ਅੰਬੈਸੀ ਨੇ ਈ-ਮੇਲ ਕਰਕੇ ਕਿਹਾ ਕਿ ਉਹ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਲਿਆਉਣ ਲਈ ਵਿਚਾਰ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਸਰਕਾਰ ਨੇ ਚੀਨ ਤੋਂ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਟਰੈਵਲ ਬੈਨ ਲਗਾਇਆ ਹੋਇਆ ਹੈ। ਆਸਟ੍ਰੇਲੀਆ 'ਚ 15 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕੋਰੋਨਾ ਨਾਲ ਚੀਨ 'ਚ 1,666 ਮੌਤਾਂ ਹੋ ਚੁੱਕੀਆਂ ਹਨ ਅਤੇ ਲਗਭਗ 68 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਨ 'ਤੇ ਖਤਰਾ ਮੰਡਰਾ ਰਿਹਾ ਹੈ। ਅਮਰੀਕਾ ਆਪਣਾ ਹਵਾਈ ਜਹਾਜ਼ ਭੇਜ ਕੇ ਆਪਣੇ ਨਾਗਰਿਕਾਂ ਨੂੰ ਉੱਥੋਂ ਵਾਪਸ ਬੁਲਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ।


Related News