ਆਸਟ੍ਰੇਲੀਆਈ PM ਮੌਰੀਸਨ ਆਪਣੇ ਨਵੇਂ ਮੰਤਰੀ ਮੰਡਲ ਨੂੰ ਬਣਾਉਣਗੇ ''ਵੂਮੈਨ ਪਾਵਰ'' ਨਾਲ ਮਜ਼ਬੂਤ
Sunday, May 26, 2019 - 11:45 PM (IST)

ਮੈਲਬਰਨ - ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਐਤਵਾਰ ਨੂੰ ਐਲਾਨ ਕੀਤਾ ਕਿ 22 ਮੈਂਬਰੀ ਉਨ੍ਹਾਂ ਦੇ ਨਵੇਂ ਮੰਤਰੀ ਮੰਡਲ 'ਚ ਰਿਕਾਰਡ 7 ਔਰਤਾਂ ਹੋਣਗੀਆਂ। ਉਥੇ ਹੀ ਨਵਾਂ ਮੰਡਰੀ ਮੰਡਲ ਬੁੱਧਵਾਰ ਨੂੰ ਸਹੁੰ ਚੁਕੇਗਾ। ਪ੍ਰਧਾਨ ਮੰਤਰੀ ਮੌਰੀਸਨ ਦੀ ਅਗਵਾਈ ਵਾਲੀ ਸੱਤਾਧਾਰੀ ਕੰਜ਼ਰਵੇਟਿਵ ਗਠਜੋੜ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਨਕਾਰਦੇ ਹੋਏ ਵਿਰੋਧੀ ਲੇਬਰ ਪਾਰਟੀ ਨੂੰ ਕਰਾਰੀ ਹਾਰ ਦਿੱਤੀ, ਜਿਸ ਕਾਰਨ ਇਸ ਦੇ ਨੇਤਾ ਬਿਲ ਸ਼ਾਰਟਨ ਨੂੰ ਅਸਤੀਫਾ ਦੇਣਾ ਪਿਆ।
ਮੌਰੀਸਨ ਨੇ ਐਲਾਨ ਕੀਤਾ ਕਿ ਲਿੰਡਾ ਰੇਨਾਲਡਸ ਰੱਖਿਆ ਮੰਤਰੀ ਹੋਵੇਗੀ ਜਦਕਿ ਬ੍ਰਿਗੇਟ ਮੈਕਕੇਂਜ਼ੀ ਆਸਟ੍ਰੇਲੀਆ ਦੀ ਪਹਿਲੀ ਮਹਿਲਾ ਖੇਤੀਬਾੜੀ ਮੰਤਰੀ ਹੋਵੇਗੀ। ਰਾਜਧਾਨੀ ਕੈਨਬਰਾ ਤੋਂ ਮੀਡੀਆ ਖਬਰਾਂ ਦੇ ਹਵਾਲੇ ਤੋਂ ਮੌਰੀਸਨ ਨੇ ਕਿਹਾ, 'ਮੈਨੂੰ ਆਪਣੇ ਮੰਤਰਾਲੇ ਤੋਂ ਬਹੁਤ ਉਮੀਦਾਂ ਹਨ ਅਤੇ ਹਰ ਇਕ ਭੂਮਿਕਾ ਲਈ ਸਪੱਸ਼ਟ ਟੀਚਾ ਤੈਅ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਸ 'ਚ ਨਿਯਾਮਕ ਅਤੇ ਨੌਕਰਸ਼ਾਹੀ ਰੋਡੋਂ ਨੂੰ ਉਜ਼ਾਗਰ ਕਰਨਾ, ਤਕਨਾਲੋਜੀ ਦਾ ਬਿਹਤਰ ਇਸਤੇਮਾਲ ਅਤੇ ਸਮੁੱਚੇ ਵਿਭਾਗਾਂ 'ਚ ਬਿਹਤਰ ਤਾਲਮੇਲ ਸੇਵਾ ਸ਼ਾਮਲ ਹੋਵੇਗੀ।
ਪੀਟਰ ਡਟਨ ਗ੍ਰਹਿ ਮੰਤਰਾਲੇ 'ਚ ਬਣੇ ਰਹਿਣਗੇ ਅਤੇ ਆਪਣਾ ਕਾਰਜਕਾਲ ਖਤਮ ਕਰਨ ਤੋਂ ਬਾਅਦ ਸੈਨੇਟਰ ਆਰਥਰ ਸਿਨੋਡਿਨੋਸ ਅਮਰੀਕਾ ਲਈ ਨਵੇਂ ਰਾਜਦੂਤ ਹੋਣਗੇ। ਮੇਲਿਸਾ ਪ੍ਰਾਇਸ ਦੀ ਥਾਂ ਸੁਸਨ ਲੀ ਵਾਤਾਵਰਣ ਮੰਤਰੀ ਹੋਵੇਗੀ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਲਈ ਆਸਟ੍ਰੇਲੀਆ ਦੇ ਰਾਜਦੂਤ ਦੇ ਤੌਰ 'ਤੇ ਮਿਚ ਫਿਫੀਲਡ ਅਤੇ ਸੰਚਾਰ ਵਿਭਾਗ ਦਾ ਕੰਮਕਾਜ ਸੰਭਾਲਣ ਲਈ ਪਾਲ ਫਲੇਚਰ ਦੇ ਨਾਂ ਦੀ ਸਿਫਾਰਸ਼ ਕੀਤੀ। ਡੇਵਿਡ ਲਿਟਲਪ੍ਰਾਉਡ ਕੋਲ ਕੁਦਰਤੀ ਆਪਦਾ ਅਤੇ ਐਮਰਜੰਸੀ ਪ੍ਰਬੰਧਨ ਵਿਭਾਗ ਹੋਵੇਗਾ।