ਆਸਟ੍ਰੇਲੀਆ ਚੋਣਾਂ : ਭਾਰਤੀ ਮੂਲ ਦਾ ਵਿਵੀਅਨ ਰਾਕੇਸ਼ ਲੋਬੋ ਅਜਮਾਏਗਾ ਕਿਸਮਤ
Tuesday, Apr 19, 2022 - 11:45 AM (IST)
 
            
            ਬ੍ਰਿਸਬੇਨ (ਸੁਰਿੰਦਰਪਾਲਪਾਲ ਸਿੰਘ ਖੁਰਦ): ਆਸਟ੍ਰੇਲੀਆ 'ਚ 21 ਮਈ ਨੂੰ ਹੋਣ ਵਾਲੀਆਂ ਫੈਡਰਲ ਆਮ ਚੋਣਾਂ ਦਾ ਐਲਾਨ ਹੁੰਦੇ ਸਾਰ ਹੀ ਚੋਣਾਂ ਦੇ ਮੈਦਾਨ ਨੇ ਭਖਣਾ ਸ਼ੁਰੂ ਕਰ ਦਿੱਤਾ ਹੈ। ਇਸ ਵਾਰ ਹਰ ਪਾਰਟੀ ਆਪੋ ਆਪਣੇ ਤਰੀਕੇ ਨਾਲ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰ ਰਹੀ ਹੈ। ਲਿਬਰਲ ਨੈਸ਼ਨਲ ਪਾਰਟੀ ਵਲੋਂ ਕੁਈਨਜ਼ਲੈਂਡ ਸੂਬੇ ਦੇ ਸ਼ਹਿਰ ਬ੍ਰਿਸਬੇਨ ਦੇ ਨਾਰਥ ਇਲਾਕੇ ਦੇ ਹਲਕੇ ਲਿੱਲੀ ਤੋਂ ਭਾਰਤੀ ਪਿਛੋਕੜ ਵਾਲੇ ਉਮੀਦਵਾਰ ਵਿਵੀਅਨ ਰਾਕੇਸ਼ ਲੋਬੋ ਨੂੰ ਪਹਿਲੀ ਵਾਰ ਕਿਸੇ ਮਾਰਜਨਲ ਸੀਟ ਤੋਂ ਉਤਾਰਿਆ ਗਿਆ ਹੈ। ਸੀਟ ਦੇ ਐਲਾਨ ਹੁੰਦੇ ਸਾਰ ਹੀ ਭਾਰਤੀ ਖੇਮੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਇਹ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਘੱਟ ਵਕਫੇ ਵਾਲੀ ਸੀਟ ਤੋਂ ਕਿਸੇ ਭਾਰਤੀ ਨੂੰ ਅਜਿਹੀ ਸੀਟ ਮਿਲੀ ਹੋਵੇ। ਵਿਵੀਅਨ ਲੋਬੋ ਪੇਸ਼ੇ ਤੋਂ ਇੱਕ ਸਿੱਖਿਅਕ ਦੇ ਤੌਰ 'ਤੇ ਲੀਡਰਜ ਇੰਸਟੀਚਿਊਟ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਮੀਡੀਆ ਨਾਲ ਇੱਕ ਮਿਲਣੀ ਦੌਰਾਨ ਵਿਵੀਅਨ ਲੋਬੋ ਨੇ ਦੱਸਿਆ ਕਿ ਉਹ ਲਗਭਗ 12 ਸਾਲ ਪਹਿਲਾਂ ਇੱਕ ਵਿਦਿਆਰਥੀ ਦੇ ਤੌਰ 'ਤੇ ਇਸ ਖੂਬਸੂਰਤ ਦੇਸ਼ ਵਿੱਚ ਬੰਗਲੌਰ (ਕਰਨਾਟਕ) ਤੋਂ ਆਏ ਸਨ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਦੇਸ਼ ਦੇ ਪੱਕੇ ਵਾਸ਼ਿੰਦੇ ਬਣੇ ਅਤੇ ਉਪਰੰਤ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਲ ਕੀਤੀ। ਉਨ੍ਹਾਂ ਕਿਹਾ ਕਿਉਂਕਿ ਮੈਂ ਵਿਦਿਆਰਥੀ ਜੀਵਨ ਵਿੱਚ ਆਉਣ ਵਾਲੀਆਂ ਔਕੜਾਂ ਨੂੰ ਆਪਣੇ ਪਿੰਡੇ ਤੇ ਹੰਡਾਇਆ ਹੋਣ ਕਰਕੇ ਵਿਦਿਆਰਥੀਆ ਜਾਂ ਭਾਈਚਾਰੇ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਉਹ ਖੇਡਾਂ ਨੂੰ ਬਹੁਤ ਹੀ ਪਿਆਰ ਕਰਦੇ ਹਨ, ਇਸ ਲਈ ਉਹ ਨਾਰਥ ਦੇ ਪੰਜਾਬੀ ਭਾਈਚਾਰੇ ਵਿੱਚ ਇੱਕ ਖੇਡ ਮੈਦਾਨ ਦੀ ਕਮੀ ਨੂੰ ਦੇਖਦੇ ਹੋਏ ਚੈਪਸਾਈਡ ਵਿਖੇ ਇੱਕ ਖੇਡ ਮੈਦਾਨ ਦਾ ਪ੍ਰਬੰਧ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ -ਅਮਰੀਕਾ: ਦੱਖਣੀ ਸਰਹੱਦ 'ਤੇ ਮਾਰਚ 'ਚ ਫੜੇ ਗਏ 2 ਲੱਖ ਤੋਂ ਵਧੇਰੇ ਪ੍ਰਵਾਸੀ, ਟੁੱਟਿਆ ਰਿਕਾਰਡ
ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਉਹ ਭਾਈਚਾਰੇ ਦੇ ਸਾਰੇ ਮੁੱਦੇ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਬਚਨਵੱਧ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਵਿਵੀਅਨ ਲੋਬੋ ਜੀ ਦਾ ਕਿਸਾਨੀ ਸੰਘਰਸ਼ ਵੇਲੇ ਵੀ ਅਹਿਮ ਯੋਗਦਾਨ ਰਿਹਾ।ਜ਼ਿਕਰਯੋਗ ਹੈ ਕਿ ਲਿਬਰਲ ਨੈਸ਼ਨਲ ਪਾਰਟੀ ਨੇ ਪੰਜ ਭਾਰਤੀਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇਸ ਲਿੱਲੀ ਹਲਕੇ ਵਿੱਚ ਬ੍ਰਾਈਟਨ, ਸੈਂਡਗੇਟ, ਸ਼ੌਰਨਕਲਿਫ, ਡੀਗਨ, ਬੂੰਡਲ, ਬੈਨਿਓ, ਨੌਰਥਗੇਟ, ਟਾਇਗਮ, ਜਿਲਮੀਅਰ, ਜੀਬੰਗ, ਨੰਦਾ, ਵੇਬਲ ਹਾਈਟਜ, ਕਾਰਸਲਡਾਈਨ, ਐਸਪਲੀ, ਚੈਪਸਾਈਡ, ਚੈਪਸਾਈਡ ਵੈਸਟ, ਸਟੈਫਰਡ ਹਾਈਟਜ, ਸਟੈਫਰਡ, ਐਵਰਟਨ ਪਾਰਕ, ਈਗਲ ਫਾਰਮ ਅਤੇ ਪਿਨਕਿਨਬਾ ਆਦਿ ਹਲਕੇ ਆਉਂਦੇ ਹਨ। ਸਮੁੱਚੇ ਭਾਈਚਾਰੇ ਵਲੋਂ ਵਿਵੀਅਨ ਲੋਬੋ ਨੂੰ ਜਿਤਾਉਣ ਦੀ ਪੁਰਜੋਰ ਅਪੀਲ ਕੀਤੀ ਗਈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            