ਆਸਟ੍ਰੇਲੀਆ : ਕੈਨਬਰਾ ਹਵਾਈ ਅੱਡੇ 'ਤੇ 'ਗੋਲੀਬਾਰੀ', ਕਈ ਉਡਾਣਾਂ ਰੱਦ
Sunday, Aug 14, 2022 - 11:20 AM (IST)
ਕੈਨਬਰਾ (ਬਿਊਰੋ): ਆਸਟ੍ਰੇਲੀਆ ਦੇ ਕੈਨਬਰਾ ਵਿਚ ਹਵਾਈ ਅੱਡੇ 'ਤੇ ਗੋਲੀਬਾਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਲਾਂਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰਾਂ ਮੁਤਾਬਕ ਗੋਲੀਬਾਰੀ ਦੇ ਬਾਅਦ ਟਰਮੀਨਲ ਦੇ ਕੁਝ ਹਿੱਸਿਆਂ ਨੂੰ ਬੰਦ ਕਰ ਦਿੱਤਾ ਗਿਆ। ਜਦਕਿ ਘਟਨਾ ਦੇ ਬਾਅਦ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ। ਪੁਲਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਇਸ ਵਾਰਦਾਤ ਨੂੰ ਦੋਸ਼ੀ ਨੇ ਇਕੱਲੇ ਹੀ ਅੰਜਾਮ ਦਿੱਤਾ। ਹਾਲਾਂਕਿ ਇਸ ਹਮਲੇ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਪੁਲਸ ਨੇ ਦੋਸ਼ੀ ਕੋਲੋਂ ਇਕ ਗਨ ਵੀ ਬਰਾਮਦ ਵੀ ਕੀਤੀ ਹੈ। ਇਸ ਦੇ ਨਾਲ ਹੀ ਘਟਨਾ ਦੇ ਸੀਸੀਟੀਵੀ ਫੁਟੇਜ ਦੇਖੇ ਜਾ ਰਹੇ ਹਨ। ਇਹਨਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇਗੀ। ਏਸੀਟੀ ਪੁਲਸ ਨੇ ਕਿਹਾ ਕਿ ਮੁੱਖ ਟਰਮੀਨਲ ਵਾਲੀ ਬਿਲਡਿੰਗ ਵਿਚ ਕਰੀਬ ਡੇਢ ਵਜੇ ਗੋਲੀਆਂ ਦੀ ਆਵਾਜ਼ ਸੁਣੀ ਗਈ। ਗੋਲੀਬਾਰੀ ਦੇ ਬਾਅਦ ਮੌਕੇ 'ਤੇ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇੱਧਰ-ਉੱਧਰ ਭੱਜਣ ਲੱਗੇ। ਪਰ ਚੰਗੀ ਗੱਲ ਇਹ ਰਹੀ ਕਿ ਇਸ ਹਮਲੇ ਵਿਚ ਕੋਈ ਜ਼ਖਮੀ ਨਹੀਂ ਹੋਇਆ।
ਪੜ੍ਹੋ ਇਹ ਅਹਿਮ ਖ਼ਬਰ- ਸਲਮਾਨ ਰਸ਼ਦੀ ਦੀ ਹਾਲਤ 'ਚ ਸੁਧਾਰ, ਹਟਾਇਆ ਗਿਆ ਵੈਂਟੀਲੇਟਰ, ਗੱਲਬਾਤ ਵੀ ਕਰ ਰਿਹੈ
ਇਕ ਔਰਤ ਨੇ ਦੱਸਿਆ ਕਿ ਅਸੀਂ ਜਿਵੇਂ ਹੀ ਗੋਲੀਆਂ ਦੀ ਆਵਾਜ਼ ਸੁਣੀ, ਅਸੀਂ ਡਰ ਗਏ। ਮੈਂ ਜਿਵੇਂ ਹੀ ਪਲਟ ਕੇ ਦੇਖਿਆ ਤਾਂ ਮੇਰੇ ਪਿੱਛੇ ਇਕ ਆਦਮੀ ਖੜ੍ਹਾ ਸੀ ਉਸ ਦੇ ਹੱਥ ਵਿਚ ਪਿਸਤੌਲ ਸੀ। ਇਸ ਵਿਚਕਾਰ ਕੋਈ ਚੀਕਿਆ ਅਤੇ ਅਸੀਂ ਉੱਥੋਂ ਭੱਜ ਗਏ। ਪੁਲਸ ਨੇ ਕਿਹਾ ਕਿ ਸਾਵਧਾਨੀ ਦੇ ਤੌਰ 'ਤੇ ਟਰਮੀਨਲ ਨੂੰ ਖਾਲੀ ਕਰਾ ਲਿਆ ਗਿਆ ਹੈ। ਸਥਿਤੀ ਕੰਟਰੋਲ ਵਿਚ ਹੈ। ਲੋਕਾਂ ਨੂੰ ਇਸ ਸਮੇਂ ਹਵਾਈ ਅੱਡੇ 'ਤੇ ਨਾ ਆਉਣ ਲਈ ਕਿਹਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।