ਆਸਟ੍ਰੇਲੀਆ ਦੇ ਤੱਟ ''ਤੇ ਦਿੱਸਿਆ ਐਲੀਅਨ ਜਿਹਾ ਜੀਵ, ਲੋਕ ਹੋਏ ਹੈਰਾਨ
Friday, Jul 31, 2020 - 06:27 PM (IST)
ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਤੱਟ 'ਤੇ ਇਕ ਬਹੁਤ ਦੁਰਲੱਭ ਅਤੇ ਵੱਡਾ ਜੀਵ ਲੋਕਾਂ ਨੂੰ ਦੇਖਣ ਲਈ ਮਿਲਿਆ। ਇਸ ਨੂੰ ਦੇਖ ਕੇ ਉੱਥੋਂ ਦੇ ਸੈਲਾਨੀ ਹੈਰਾਨ ਰਹਿ ਗਏ ਕਿਉਂਕਿ ਇਸ ਜੀਵ ਦੀ ਸ਼ਕਲ ਐਲੀਅਨ ਜਿਹੀ ਦਿਸਦੀ ਹੈ। ਇਸ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਦੱਖਣ-ਪੱਛਮ ਤੱਟ 'ਤੇ ਸਥਿਤ ਕੇਨੇਟ ਨਦੀ ਦੇ ਮੁਹਾਨੇ 'ਤੇ ਪਾਇਆ ਗਿਆ।
ਐਲੀਅਨ ਜਿਹੇ ਦਿਸਣ ਵਾਲੇ ਇਸ ਜੀਵ ਦਾ ਨਾਮ ਓਸ਼ਨ ਸਨਫਿਸ਼ (Ocean Sunfish)ਹੈ। ਇਸ ਸਨਫਿਸ਼ ਨੂੰ ਕੈਥ ਰੈਮਪਟਨ ਅਤੇ ਉਹਨਾਂ ਦੇ ਪਤੀ ਟਾਮ ਨੇ ਖੋਜਿਆ, ਜਿਹੜੇ ਉਸ ਸਮੇਂ ਤੱਟ 'ਤੇ ਛੁੱਟੀਆਂ ਮਨਾ ਰਹੇ ਸਨ।ਦੋਵੇਂ ਜਾਨਵਰਾਂ ਦੇ ਡਾਕਟਰ ਹਨ। ਦੋਹਾਂ ਨੇ ਕਿਹਾ ਕਿ ਉਹਨਾਂ ਨੇ ਇਸ ਤੋਂ ਪਹਿਲਾਂ ਕਦੇ ਅਜਿਹਾ ਜੀਵ ਨਹੀਂ ਦੇਖਿਆ। ਡੇਲੀ ਮੇਲ ਆਸਟ੍ਰੇਲੀਆ ਦੀ ਖਬਰ ਦੇ ਮੁਤਾਬਕ ਕੈਥ ਰੈਮਪਟਨ ਨੇ ਦੱਸਿਆ ਕਿ ਇਹ ਮੱਛੀ ਕਰੀਬ 2 ਮੀਟਰ ਲੰਬੀ ਅਤੇ ਇੰਨੀ ਹੀ ਉੱਚੀ ਸੀ। ਪਰ ਬਾਅਦ ਵਿਚ ਪਤਾ ਕੀਤਾ ਤਾਂ ਜਾਣਕਾਰੀ ਮਿਲੀ ਕਿ ਇਹ ਆਪਣੀ ਪ੍ਰਜਾਤੀ ਦੀ ਛੋਟੀ ਮੱਛੀ ਹੈ। ਇਸ ਪ੍ਰਜਾਤੀ ਵਿਚ ਇਸ ਤੋਂ ਦੁੱਗਣੇ ਵੱਡੇ ਆਕਾਰ ਦੀਆਂ ਮੱਛੀਆਂ ਹੁੰਦੀਆਂ ਹਨ।
ਇਸ ਦੇ ਬਾਅਦ ਇਸ ਮੱਛੀ ਨੂੰ ਟੂਰਿਸਟ ਟਿਮ ਰਾਥਮੈਨ ਅਤੇ ਜੇਮਸ ਬਰਹੈਮ ਨੇ ਦੇਖਿਆ। ਇਹਨਾਂ ਦੋਹਾਂ ਨੇ ਵੀ ਕਿਹਾ ਕਿ ਇਹ ਮੱਛੀ ਪੂਰੀ ਤਰ੍ਹਾਂ ਨਾਲ ਐਲੀਅਨ ਜਿਹੀ ਦਿਸਦੀ ਹੈ। ਇਹਨਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਅਜਿਹਾ ਜੀਵ ਇਹਨਾਂ ਲੋਕਾਂ ਨੇ ਨਹੀਂ ਦੇਖਿਆ ਸੀ। ਪਿਛਲੇ ਸਾਲ ਦੱਖਣ ਆਸਟ੍ਰੇਲੀਆ ਵਿਚ ਇਕ ਮਛੇਰੇ ਨੇ ਵੀ ਸਨਫਿਸ਼ ਫੜੀ ਸੀ। ਇਕ ਸਿਹਤਮੰਦ ਅਤੇ ਬਾਲਗ ਸਨਫਿਸ 3 ਮੀਟਰ ਲੰਬੀ, 4.2 ਮੀਟਰ ਉੱਚੀ ਅਤੇ ਕਰੀਬ 2.5 ਟਨ ਵਜ਼ਨੀ ਹੋ ਸਕਦੀ ਹੈ। ਇਹ ਖਤਰਨਾਕ ਹਮਲਾਵਰ ਹੋ ਸਕਦੀ ਹੈ।ਨਾਲ ਹੀ ਬਹੁਤ ਪਿਆਰੀ ਦਿਸਦੀ ਹੈ। ਇਸ ਲਈ ਇਹਨਾਂ ਨੂੰ ਕੁਝ ਐਕਵੇਰੀਅਮ ਵਿਚ ਵੀ ਰੱਖਿਆ ਗਿਆ ਹੈ।
ਫਿਸ਼ ਮਾਹਰ ਸਲਫ ਫੋਸਟਰ ਦੱਸਦੇ ਹਨ ਕਿ ਇਹ ਮੱਛੀ ਉਦੋਂ ਤੱਟ 'ਤੇ ਆਈ ਹੋਵੇਗੀ ਜਦੋਂ ਇਸ ਨੂੰ ਕਿਸੇ ਵੱਡੀ ਕਿਸ਼ਤੀ ਨੇ ਟੱਕਰ ਮਾਰੀ ਹੋਵੇਗੀ। ਕਈ ਵਾਰ ਇਹ ਪਲਾਸਟਿਕ ਦੀਆਂ ਥੈਲੀਆਂ ਨੂੰ ਜੈਲੀ ਫਿਸ਼ ਸਮਝ ਕੇ ਖਾ ਜਾਂਦੀ ਹੈ। ਇਸ ਨਾਲ ਵੀ ਇਹਨਾਂ ਦੀ ਮੌਤ ਹੋ ਜਾਂਦੀ ਹੈ। ਸਲਫ ਫੋਸਟਰ ਦੱਸਦੇ ਹਨ ਕਿ ਇਹ ਸਨਫਿਸ਼ ਅਕਸਰ ਦੱਖਣ ਆਸਟ੍ਰੇਲੀਆ ਦੇ ਸਮੁੰਦਰੀ ਤੱਟਾਂ 'ਤੇ ਰੁੜ੍ਹ ਕੇ ਆ ਜਾਂਦੀ ਹੈ। ਪਰ ਇਹ ਜ਼ਿਆਦਾਤਰ ਡੂੰਘੇ ਸਮੁੰਦਰ ਵਿਚ ਰਹਿੰਦੀ ਹੈ। ਜਾਪਾਨ, ਕੋਰੀਆ, ਤਾਈਵਾਨ ਜਿਹੇ ਦੇਸ਼ਾਂ ਵਿਚ ਇਸ ਮੱਛੀ ਨੂੰ ਖਾਧਾ ਵੀ ਜਾਂਦਾ ਹੈ।