ਬ੍ਰਿਸਬੇਨ ਵਿਖੇ ਪਹਿਲੀ ਵਾਰ ਮਨਾਈ ਜਾਵੇਗੀ ਕੁੜੀਆਂ ਦੀ ਲੋਹੜੀ

Monday, Dec 03, 2018 - 05:26 PM (IST)

ਬ੍ਰਿਸਬੇਨ ਵਿਖੇ ਪਹਿਲੀ ਵਾਰ ਮਨਾਈ ਜਾਵੇਗੀ ਕੁੜੀਆਂ ਦੀ ਲੋਹੜੀ

ਬ੍ਰਿਸਬੇਨ (ਬਿਊਰੋ)— ਆਸਟ੍ਰੇਲੀਆ ਵਿਚ ਪੰਜਾਬੀ ਭਾਈਚਾਰੇ ਦੀ ਗਿਣਤੀ ਵਿਚ ਪਿਛਲੇ ਦਹਾਕੇ ਵਿਚ ਭਾਰੀ ਵਾਧਾ ਹੋਇਆ ਹੈ । ਇੱਥੇ ਮਨਾਏ ਜਾਂਦੇ ਭਾਰਤੀ ਉਤਸਵ ਅਤੇ ਤਿਉਹਾਰ ਭਾਰਤ ਦੇ ਕਿਸੇ ਸ਼ਹਿਰ ਜਾਂ ਕਸਬੇ ਦਾ ਭੁਲੇਖਾ ਪਾਉਂਦੇ ਹਨ । ਪਿਛਲੇ ਕੁਝ ਸਮੇਂ ਤੋਂ ਬ੍ਰਿਸਬੇਨ ਸ਼ਹਿਰ ਵਿਚ ਪਰਿਵਾਰਿਕ ਮੇਲਿਆਂ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਪੇਸ਼ਕਾਰੀ ਵੇਖਣਯੋਗ ਹੁੰਦੀ ਰਹੀ ਹੈ । ਇਸੇ ਹੀ ਰੁਝਾਣ ਨੂੰ ਇਕ ਨਵੀਂ ਦਿੱਖ ਦਿੰਦੇ ਹੋਏ ਬ੍ਰਿਸਬੇਨ ਵਿਖੇ ਵੱਖ-ਵੱਖ ਸੰਸਥਾਵਾਂ ਵੱਲੋਂ ਮਿਲ ਕੇ ਇਸ ਸਾਲ ਪਹਿਲੀ ਵਾਰ ਲੋਹੜੀ ਦਾ ਤਿਉਹਾਰ ਨਿਵੇਕਲੇ ਤਰੀਕੇ ਨਾਲ ਬੱਚੀਆਂ ਨੂੰ ਸਮਰਪਿਤ ਕਰਦੇ ਹੋਏ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ । ਇਸ ਨਾਲ ਭਾਰਤੀ ਸਮਾਜ ਵਿਚ ਲੋਹੜੀ ਦੇ ਤਿਉਹਾਰ ਤੇ ਮੁੰਡੇ ਅਤੇ ਕੁੜੀ ਦੇ ਫਰਕ ਨੂੰ ਮਿਟਾਉਣ ਦਾ ਸੁਨੇਹਾ ਹੋਰ ਵੀ ਸਾਰਥਕ ਰੂਪ ਵਿਚ ਜਾਵੇਗਾ । 

PunjabKesari

ਨਵੇਂ ਸਾਲ ਵਿਚ 13 ਜਨਵਰੀ ਨੂੰ ਲੋਹੜੀ ਦੇ ਤਿਉਹਾਰ ਦੀ ਵਿਉਂਤਬੰਦੀ ਕਰਨ ਲਈ ਇਕ ਜ਼ਰੂਰੀ ਮੀਟਿੰਗ ਬੁੱਟਰ ਨਿਵਾਸ ਵਿਖੇ ਜਰਮਨ ਸਿੰਘ ਬੁੱਟਰ ਦੀ ਅਗਵਾਈ ਵਿਚ ਆਯੋਜਿਤ ਹੋਈ । ਜਿਸ ਵਿਚ ਵੱਖ-ਵੱਖ ਸੰਸਥਾਵਾਂ ਦੇ ਨੁੰਮਾਇਦਿਆਂ ਨੇ ਸ਼ਿਰਕਤ ਕੀਤੀ ਅਤੇ ਤਿਉਹਾਰ ਨੂੰ ਇਕ ਨਵੇਂ ਅੰਦਾਜ਼ ਵਿਚ ਮਨਾਉਣ ਲਈ ਸਲਾਹ ਮਸ਼ਵਰਾ ਕੀਤਾ ਗਿਆ । ਜਿੱਥੇ ਇਸ ਲੋਹੜੀ ਮੇਲੇ ਵਿਚ ਕੁੜੀਆਂ ਦਾ ਗਿੱਧਾ, ਭੰਗੜਾ, ਕਿੱਕਲੀ, ਬੋਲੀਆਂ ਅਤੇ ਐਕਸ਼ਨ ਗੀਤ ਆਦਿ ਦੀ ਪੇਸ਼ਕਾਰੀ ਹੋਵੇਗੀ, ਉੱਥੇ ਪੰਜਾਬੀ ਮਾਂ-ਬੋਲੀ ਅਤੇ ਵਿਰਸੇ ਨਾਲ ਵੀ ਬੱਚਿਆਂ ਨੂੰ ਜੋੜਣ ਦਾ ਉਪਰਾਲਾ ਕੀਤਾ ਜਾਵੇਗਾ । ਸੁੰਦਰ ਲਿਖਾਈ ਦੇ ਮੁਕਾਬਲੇ, ਦਸਤਾਰ ਮੁਕਾਬਲੇ, ਪੰਜਾਬੀ ਪਹਿਰਾਵਾ ਆਦਿ ਦੇ ਮੁਕਾਬਲੇ ਕਰਵਾਏ ਜਾਣਗੇ । ਇਸ ਵਿਚ ਐਂਟਰੀ ਬਿਲਕੁਲ ਫਰੀ ਰੱਖੀ ਜਾਵੇਗੀ ਅਤੇ ਖਾਣ-ਪੀਣ ਆਦਿ ਦੇ ਸਟਾਲ ਵੀ ਲਗਾਏ ਜਾਣਗੇ । 

ਇਸ ਸਬੰਧੀ ਇਕ ਪ੍ਰਬੰਧਕੀ ਕਮੇਟੀ ਦਾ ਗਠਨ ਅਗਲੀ ਮੀਟਿੰਗ ਵਿਚ ਕੀਤਾ ਜਾਵੇਗਾ । ਇਸ ਇਕੱਤਰਤਾ ਵਿਚ ਹੋਰਨਾਂ ਤੋਂ ਇਲਾਵਾ ਰੀਅਲ ਅਸਟੇਟ ਕਾਰੋਬਾਰੀ ਪ੍ਰਣਾਮ ਸਿੰਘ ਹੇਅਰ, ਨਵਦੀਪ ਸਿੰਘ ਗਰੀਨ ਪਾਰਟੀ, ਸਰਬਜੀਤ ਸੋਹੀ ਇੰਡੋਜ਼ ਆਸਟ੍ਰੇਲੀਆ, ਸ਼ਮਸ਼ੇਰ ਸਿੰਘ ਸ਼ੇਰਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਪਾਲ ਰਾਊਕੇ ਹੈਰੀਟੇਜ ਬੈਨਰਜ, ਗਾਇਕ ਪ੍ਰੀਤ ਸਿਆਂ, ਗੀਤਕਾਰ ਅਤੇ ਪੱਤਰਕਾਰ ਸੁਰਜੀਤ ਸੰਧੂ, ਸ਼ੈਲੀ ਕਾਹਲੋਂ, ਕੰਵਲਜੀਤ ਸਿੰਘ ਸੁੱਖ, ਅਮਰ ਸ਼ੇਖੋਂ ਅਤੇ ਰਣਜੀਤ ਸਿੰਘ ਬਾਊ ਮਾਝਾ ਯੂਥ ਕਲੱਬ, ਗੌਰਵ ਸੇਠ ਆਦਿ ਨਾਮਵਰ ਹਸਤੀਆਂ ਨੇ ਸ਼ਮੂਲੀਅਤ ਕੀਤੀ ।


author

Vandana

Content Editor

Related News