ਆਸਟ੍ਰੇਲੀਆ : ਸਮੁੰਦਰੀ ਤੱਟਾਂ 'ਤੇ ਜੈਲੀਫਿਸ਼ ਦਾ ਹਮਲਾ, ਚਿਤਾਵਨੀ ਜਾਰੀ

01/08/2019 11:18:16 AM

ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਉੱਤਰੀ-ਪੂਰਬੀ ਇਲਾਕਿਆਂ ਵਿਚ ਸਥਿਤ ਸਮੁੰਦਰੀ ਤੱਟਾਂ 'ਤੇ ਜ਼ਹਿਰੀਲੀ ਜੈਲੀਫਿਸ਼ ਨੇ ਹਮਲਾ ਕਰ ਦਿੱਤਾ ਹੈ। ਹਾਲ ਹੀ ਵਿਚ ਇਸ ਨੇ ਆਸਟ੍ਰੇਲੀਆ ਵਿਚ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ, ਜਿਸ ਕਾਰਨ ਕੁਝ ਥਾਵਾਂ 'ਤੇ ਸਮੁੰਦਰੀ ਤੱਟਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਕੁਈਨਜ਼ਲੈਂਡ ਸੂਬੇ ਵਿਚ ਸਮੁੰਦਰੀ ਤੱਟ ਨੂੰ ਬੰਦ ਕਰ ਦਿੱਤਾ ਗਿਆ ਹੈ। ਕਿਉਂਕਿ ਇੱਥੇ ਵੱਡੀ ਗਿਣਤੀ ਵਿਚ ਜੈਲੀਫਿਸ਼ ਦੇ ਝੁੰਡ ਪਹੁੰਚ ਗਏ ਹਨ। 

ਜ਼ਿਆਦਤਰ ਘਟਨਾਵਾਂ ਕੁਈਨਜ਼ਲੈਂਡ ਦੇ ਸੰਘਣੀ ਆਬਾਦੀ ਵਾਲੇ ਗੋਲਡ ਕੋਸਟ ਅਤੇ ਸਨਸ਼ਾਈਨ ਕੋਸਟ ਇਲਾਕੇ ਵਿਚ ਹੋਈਆਂ ਹਨ। ਬਲੂਬਾਟਲ ਜੈਲੀਫਿਸ਼ ਨੀਲੀ ਰੰਗ ਦੀਆਂ ਥੈਲੀਆਂ ਦੀ ਤਰ੍ਹਾਂ ਦਿਖਾਈ ਦਿੰਦੀ ਹੈ ਜੋ 15 ਸੈਂਟੀਮੀਟਰ ਤੱਕ ਲੰਬੀ ਹੁੰਦੀ ਹੈ। ਇਹ ਲੋਕਾਂ ਨੂੰ ਪਾਣੀ ਵਿਚ ਜਾਂ ਰੇਤ 'ਤੇ ਵੀ ਡੰਗ ਮਾਰ ਸਕਦੀ ਹੈ। ਦੱਸਿਆ ਗਿਆ ਹੈ ਕਿ ਬਲੂਬਾਟਲ ਜੈਲੀਫਿਸ਼ ਨੇ ਹਜ਼ਾਰਾਂ ਲੋਕਾਂ ਨੂੰ ਡੰਗ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਸਰਵ ਲਾਈਫ ਸੇਵਿੰਗ ਕੁਈਨਜ਼ਲੈਂਡ ਨੇ ਕਿਹਾ ਕਿ ਹਫਤੇ ਦੇ ਅਖੀਰ ਵਿਚ 2,600 ਤੋਂ ਵੱਧ ਲੋਕਾਂ ਦਾ ਇਲਾਜ ਕੀਤਾ ਗਿਆ।  

ਆਸਟ੍ਰੇਲੀਆਈ ਮੀਡੀਆ ਨੇ ਇਸ ਨੂੰ ਜੈਲੀਫਿਸ਼ ਦਾ ਸਮੁੰਦਰੀ ਤੱਟ 'ਤੇ ਹਮਲਾ ਕਰਾਰ ਦਿੱਤਾ ਹੈ। ਜਿਸ ਮਗਰੋਂ ਕੋਸਟਗਾਰਡ ਐਸੋਸੀਏਸ਼ਨ ਮੁਤਾਬਕ ਹੁਣ ਤੱਕ 3595 ਲੋਕ ਜੈਲੀਫਿਸ਼ ਦੇ ਹਮਲੇ ਦੇ ਸ਼ਿਕਾਰ ਹੋਏ ਹਨ। ਜੈਲੀਫਿਸ਼ ਦਾ ਡੰਗ ਕਾਫੀ ਜ਼ਹਿਰੀਲਾ ਹੁੰਦਾ ਹੈ। ਇਸ ਦੇ ਡੰਗ ਨਾਲ ਲੋਕਾਂ ਦੇ ਸਰੀਰ ਵਿਚ ਭਿਆਨਕ ਦਰਦ ਹੁੰਦਾ ਹੈ। ਜੈਲੀਫਿਸ਼ ਦੇ ਹਮਲੇ ਦੇ ਬਾਅਦ ਘੱਟੋ-ਘੱਟ ਚਾਰ ਸਮੁੰਦਰੀ ਤੱਟਾਂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਹੈ।

ਸਮੁੰਦਰੀ ਤੱਟ 'ਤੇ ਲੋਕਾਂ ਨੂੰ ਜੈਲੀਫਿਸ਼ ਦੇ ਹਮਲੇ ਤੋਂ ਸਾਵਧਾਨ ਰਹਿਣ ਦੀ ਸਲਾਹ ਦੇਣ ਵਾਲੇ ਸਾਈਨਬੋਰਡ ਲਗਾ ਦਿੱਤੇ ਗਏ ਹਨ। ਹਰੇਕ ਸਾਲ ਆਸਟ੍ਰੇਲੀਆ ਵਿਤ ਜੈਲੀਫਿਸ਼ ਵੱਲੋ ਲੋਕਾਂ ਨੂੰ ਡੰਗ ਮਾਰਨ ਦੇ 10,000 ਤੋਂ ਵੱਧ ਮਾਮਲੇ ਸਾਹਮਣੇ ਆਉਂਦੇ ਹਨ। ਹਾਲ ਹੀ ਵਿਚ ਤੇਜ਼ੀ ਨਾਲ ਜੈਲੀਫਿਸ਼ ਦੇ ਸਮੁੰਦਰੀ ਤੱਟਾਂ ਦੇ ਪਹੁੰਚਣ ਦਾ ਮੁੱਖ ਕਾਰਨ ਤੇਜ਼ ਗਤੀ ਨਾਲ ਉੱਤਰੀ-ਪੂਰਬੀ ਦਿਸ਼ਾ ਵਿਚ ਤੇਜ਼ ਹਵਾਵਾਂ ਦਾ ਚੱਲਣਾ ਮੰਨਿਆ ਜਾ ਰਿਹਾ ਹੈ।

ਡਾਕਟਰਾਂ ਮੁਤਾਬਕ ਜੈਲੀਫਿਸ਼ ਦੇ ਡੰਗ ਮਾਰਨ ਮਗਰੋਂ ਪੀੜਤ ਨੂੰ ਤੇਜ਼ ਦਰਦ ਅਤੇ ਸਕਿਨ ਵਿਚ ਜਲਨ ਮਹਿਸੂਸ ਹੁੰਦੀ ਹੈ। ਇਹ ਜਲਨ ਕੁਝ ਮਿੰਟਾਂ ਤੋਂ ਲੈ ਕੇ ਘੰਟਿਆਂ ਤੱਕ ਰਹਿੰਦੀ ਹੈ। ਇਸ ਦੇ ਨਾਲ ਹੀ ਪੀੜਤ ਨੂੰ ਉਲਟੀ ਅਤੇ ਜੀਅ ਖਰਾਬ ਹੋਣ ਦੀ ਵੀ ਸ਼ਿਕਾਇਤ ਰਹਿੰਦੀ ਹੈ। ਇਸ ਦੇ ਡੰਗ ਦੇ ਸੰਪਰਕ ਵਿਚ ਆਉਣ ਦੇ ਬਾਅਦ ਉਸ ਜਗ੍ਹਾ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ ਅਤੇ ਬਰਫ ਨਾਲ ਸੇਕ ਕਰਨਾ ਚਾਹੀਦਾ ਹੈ।


Vandana

Content Editor

Related News