ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਦੀ ਮਾਤਾ ਜੀ ਦੇ ਦੇਹਾਂਤ ''ਤੇ ਆਸਟ੍ਰੇਲੀਆ ਤੋਂ ਡੁੰਘੇ ਦੁੱਖ ਦਾ ਪ੍ਰਗਟਾਵਾ
Thursday, Jan 16, 2025 - 02:57 PM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ)- ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੂੰ ਉਸ ਵੇਲੇ ਭਾਰੀ ਸਦਮਾ ਲੱਗਾ, ਜਦੋਂ ਉਹਨਾਂ ਦੇ ਮਾਤਾ ਜੀ ਸਰਦਾਰਨੀ ਗੁਰਮੀਤ ਕੌਰ ਔਜਲਾ (85), ਜੋ ਕਿ ਦਿੱਲੀ ਦੇ ਹਸਪਤਾਲ ਵਿੱਚ ਇਲਾਜ ਅਧੀਨ ਸਨ, ਲੰਬੇ ਸਮੇਂ ਤੋਂ ਬਿਮਾਰੀ ਤੋਂ ਬਾਅਦ ਆਪਣਾ ਜੀਵਨ ਸਫ਼ਰ ਪੂਰਾ ਕਰਦੇ ਹੋਏ ਲੰਘੇ ਸ਼ਨੀਵਾਰ ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਸਰਦਾਰਨੀ ਗੁਰਮੀਤ ਕੌਰ ਔਜਲਾ ਜੀ ਆਪਣੇ ਪਿੱਛੇ ਆਪਣੇ ਪਤੀ ਸਰਦਾਰ ਸਰਬਜੀਤ ਸਿੰਘ, ਪੁੱਤਰ ਐੱਮ.ਪੀ. ਗੁਰਜੀਤ ਸਿੰਘ ਔਜਲਾ, ਪੁੱਤਰ ਸੁਖਜਿੰਦਰ ਸਿੰਘ ਔਜਲਾ ਅਤੇ ਧੀ ਅਮਨਦੀਪ ਕੌਰ ਨੂੰ ਛੱਡ ਗਏ ਹਨ। ਇਸ ਦੁੱਖਦਾਈ ਘੜੀ ਵਿਚ ਆਸਟਰੇਲੀਆ ਵਿੱਚ ਕਾਂਗਰਸ ਪਾਰਟੀ ਸਣੇ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਜਿਨ੍ਹਾਂ ਵਿੱਚ ਪ੍ਰਣਾਮ ਸਿੰਘ ਹੇਰ, ਅਵਨਿੰਦਰ ਸਿੰਘ ਲਾਲੀ, ਤੇਜਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ ਕੋਹਲੀ, ਸੁਖਦੇਵ ਸਿੰਘ ਵਿਰਕ, ਸਤਪਾਲ ਸਿੰਘ, ਸਰਵਣ ਸਿੰਘ ਵੜੈਚ, ਅਮਨਦੀਪ ਸਿੰਘ ਛੀਨਾ ਆਦਿ ਸਖਸ਼ੀਅਤਾਂ ਨੇ ਗੁਰਜੀਤ ਸਿੰਘ ਔਜਲਾ ਤੇ ਉਨ੍ਹਾਂ ਦੇ ਪਰਿਵਾਰ ਨਾਲ ਡੁੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।