ਆਸਟ੍ਰੇਲੀਆ : ਜੰਗਲ ਦੀ ਅੱਗ ''ਚ ਝੁਲਸੇ ਕਈ ਦਮਕਲਕਰਮੀ, ਨਸ਼ਟ ਹੋਏ ਕਈ ਘਰ
Wednesday, Nov 13, 2019 - 09:33 AM (IST)

ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਸੰਘਣੀ ਆਬਾਦੀ ਵਾਲੇ ਸੂਬੇ ਨਿਊ ਸਾਊਥ ਵੇਲਜ਼ ਵਿਚ ਜੰਗਲ ਵਿਚ ਵਿਭਿੰਨ ਥਾਵਾਂ 'ਤੇ ਲੱਗੀ ਅੱਗ ਦੀ ਚਪੇਟ ਵਿਚ ਆ ਕੇ 50 ਤੋਂ ਵੱਧ ਘਰ ਨੁਕਸਾਨੇ ਗਏ। ਇਸ ਦੇ ਨਾਲ ਹੀ ਦਮਕਲ ਵਿਭਾਗ ਦੇ 13 ਕਰਮੀ ਝੁਲਸ ਗਏ। ਗੌਰਤਲਬ ਹੈ ਕਿ ਜੰਗਲ ਵਿਚ ਅੱਗ ਦੇ ਖਤਰੇ ਨੂੰ ਦੇਖਦੇ ਹੋਏ ਨਿਊ ਸਾਊਥ ਵੇਲਜ਼ ਵਿਚ ਬੀਤੇ ਹਫਤੇ ਸੋਮਵਾਰ ਨੂੰ ਹਫਤੇ ਭਰ ਦੇ ਲਈ ਐਮਰਜੈਂਸੀ ਸਥਿਤੀ ਐਲਾਨੀ ਗਈ ਸੀ। ਅਨੁਮਾਨ ਸੀ ਕਿ ਇਹ ਮੰਗਲਵਾਰ ਸਭ ਤੋਂ ਵੱਧ ਖਤਰੇ ਵਾਲਾ ਦਿਨ ਰਹਿ ਸਕਦਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ 16 ਥਾਵਾਂ 'ਤੇ ਲੱਗੀ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਐਮਰਜੈਂਸੀ ਪੱਧਰ ਤੱਕ ਪਹੁੰਚ ਗਈ। ਐਮਰਜੈਂਸੀ ਸਥਿਤੀ ਖਤਮ ਹੋਣ ਤੋਂ ਪਹਿਲਾਂ ਬੁੱਧਵਾਰ ਤੜਕਸਾਰ ਕੋਈ ਵੀ ਅੱਗ ਐਮਰਜੈਂਸੀ ਪੱਧਰ ਤੱਕ ਨਹੀਂ ਪਹੁੰਚੀ ਸੀ। ਸੂਬੇ ਦੀ ਪ੍ਰਮੁੱਖ ਗਲੇਡਿਸ ਬੇਰੇਜਿਕਲਿਅਯਾਨ ਨੇ ਕਿਹਾ ਕਿ ਉਨ੍ਹਾਂ ਨੂੰ ਤਸੱਲੀ ਹੈ ਕਿ ਮੰਗਲਵਾਰ ਨੂੰ ਉਨਾ ਨੁਕਸਾਨ ਨਹੀਂ ਹੋਇਆ ਜਿੰਨਾ ਕਿ ਖਦਸ਼ਾ ਸੀ। ਪੇਂਡੂ ਦਮਕਲ ਕਮਿਸ਼ਨਰ ਸ਼ੇਨ ਫਿਟਜ਼ਸਮਿੰਸ ਨੇ ਕਿਹਾ ਕਿ ਅੱਗ ਦੀ ਚਪੇਟ ਵਿਚ ਆਏ ਕਿਸੇ ਵੀ ਦਮਕਲਕਰਮੀ ਦੀ ਹਾਲਤ ਗੰਭੀਰ ਨਹੀਂ ਹੈ।