ਗਾਇਕ ਮਲਕੀਤ ਧਾਲੀਵਾਲ ''ਲਾਂਗ ਰੂਟ'' ਗੀਤ ਨਾਲ ਮੁੜ ਚਰਚਾ ‘ਚ
Tuesday, Aug 04, 2020 - 09:55 AM (IST)
ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪੰਜਾਬੀ ਗਾਇਕੀ ਦੇ ਪਿੜ 'ਚ ਨਿੱਤ ਨਵੇਂ ਗੈਰ-ਮਿਆਰੀ ਗਾਇਕਾਂ ਦੀ ਭਰਮਾਰ ਨੇ ਸਮੁੱਚੀ ਪੰਜਾਬੀ ਗਾਇਕੀ ਦੇ ਮਿਆਰ ਤੇ ਸੱਭਿਅਕ ਸਮਾਜ ਨੂੰ ਸ਼ਰਮਸਾਰ ਕੀਤਾ ਹੈ। ਪਰ ਕੁੱਝ ਗਾਇਕ ਮਲਕੀਤ ਧਾਲੀਵਾਲ ਵਰਗੇ ਅਜਿਹੇ ਵੀ ਹਨ ਜੋ ਮਿਹਨਤ, ਬੁਲੰਦ ਅਵਾਜ਼ ਅਤੇ ਵੱਖਰੇ ਰੌਂ ਵਾਲੀ ਸਾਫ਼-ਸੁਥਰੀ ਗਾਇਕੀ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ‘ਚ ਸਫਲ ਵੀ ਹੋਏ ਹਨ। ਪਿਛੋਕੜ ਤੋਂ ਸ਼ਹਿਰ ਬਟਾਲਾ (ਪੰਜਾਬ) ਅਤੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਤੋਂ ਪੜ੍ਹਾਈ ਦੌਰਾਨ ਪਾਰਖੂ ਉਸਤਾਦਾਂ ਦੇ ਚੰਡੇ ਗੱਭਰੂ ਨੇ ਆਸਟ੍ਰੇਲੀਆ ਲਈ ਪਰਵਾਸ ਦਾ ਰਾਹ ਚੁਣਿਆ।
ਮਲਕੀਤ ਧਾਲੀਵਾਲ ਨੇ ਬਹੁਤ ਸਹਿਜਤਾ ਅਤੇ ਸੁਥਰੇਪਣ ਨਾਲ ਪੰਜਾਬੀ ਗਾਇਕੀ ‘ਚ ਨਾਮਣਾ ਖੱਟਿਆ ਹੈ। ਮਲਕੀਤ ਇਕ ਵਾਰ ਫੇਰ ਆਪਣੇ ਨਵੇਂ ਗੀਤ ‘ਲਾਂਗ ਰੂਟ’ ਨਾਲ ਟਰੱਕ ਡਰਾਇਵਰਾਂ ਦੀ ਹੱਡ ਬੀਤੀ ਸੁਣਾ ਕੇ ਸਿਰਾ ਲਾ ਗਿਆ ਹੈ। ਉਸ ਨੇ ਕਦੇ ਵੀ ਆਪਣੀ ਲੀਹ ਤੋਂ ਹੱਟਕੇ ਨਹੀਂ ਗਾਇਆ ਅਤੇ ਇਹੋ ਹੀ ਗਾਇਕ ਮਲਕੀਤ ਧਾਲੀਵਾਲ ਦੀ ਅਸਲੀ ਪਹਿਚਾਣ ਬਣੀ ਹੈ। ਆਪਣੇ ਇਸ ਨਵੇਂ ਗੀਤ ਵਿਚ ਵੀ ਮਲਕੀਤ ਨੇ ਟਰੱਕਾਂ ਵਾਲਿਆਂ ਦੀ ਗੱਲ ਕੀਤੀ ਹੈ, ਕਿੰਝ ਉਨ੍ਹਾਂ ਵੀਰਾਂ ਦੀ ਵਹੁਟੀ ਨਾਲ ਨੋਕ-ਝੋਕ ਹੁੰਦੀ ਹੈ। ਨੌਜਵਾਨ ਚਰਚਿਤ ਗੀਤਕਾਰ ਸੁਰਜੀਤ ਸੰਧੂ ਦਾ ਕਲਮਬੱਧ ਕੀਤਾ ਮਿਆਰੀ ਗੀਤ ‘ਲਾਂਗ ਰੂਟ’ ਦਾ ਸੰਗੀਤ ਸਿੱਪ ਹੋਪਰ ਅਤੇ ਪਰਿਵਾਰਕ ਫਿਲਮਾਂਕਣ ਆਸਟ੍ਰੇਲੀਆ ‘ਚ ਰੰਧਾਵਾ ਮੀਡੀਆ ਵੱਲੋਂ ਬਖੂਬੀ ਕੀਤਾ ਗਿਆ ਹੈ।
ਗੌਰਤਲਬ ਹੈ ਕਿ ਮਲਕੀਤ ਧਾਲੀਵਾਲ ਦੇ ਪਹਿਲੇ ਉਸਾਰੂ ਗੀਤਾਂ ‘ਸਰਦਾਰੀ’, ‘ਸਰਦਾਰ ਬੈਡਸ ਸਰਦਾਰਨੀ’, ‘ਜਿਉਣਾਂ ਮੌੜ’, ‘ਨਸ਼ੇੜੀ’ ਆਦਿ ਨੂੰ ਵੀ ਸਰੋਤਿਆਂ ਵੱਲੋਂ ਸਲਾਹਿਆ ਗਿਆ ਅਤੇ ਹਥਲੇ ਗੀਤ ਦੀ ਹਰ ਵਰਗ ਦੇ ਸਰੋਤਿਆਂ ਵੱਲੋਂ ਸ਼ਲਾਘਾ ਹੋ ਰਹੀ ਹੈ। ਬ੍ਰਿਸਬੇਨ ਸਥਿਤ ਕਮਿਊਨਟੀ ਰੇਡੀਓ ਫੋਰ ਈ ਬੀ 98.1FM ਦੀ ਪੰਜਾਬੀ ਟੀਮ ਨਾਲ ਇਕ ਮੁਲਾਕਾਤ ਦੌਰਾਨ ਗਾਇਕ ਮਲਕੀਤ ਨੇ ਕਿਹਾ ਕਿ ਅਸਲ ਗਾਇਕ ਉਹੀ ਹੈ ਜੋ ਸਟੂਡੀਓ ਤੋਂ ਬਾਹਰ ਖੁੱਲ੍ਹੇ ਅਖਾੜਿਆਂ ‘ਚ ਹਿੱਕ ਦੇ ਜ਼ੋਰ ਨਾਲ ਮਾਇਕ ਤੋਂ ਪਰੇ ਰਹਿ ਕੇ ਵੀ ਗਾ ਜਾਵੇ। ਉਹਨਾਂ ਹੋਰ ਕਿਹਾ ਕਿ ਉਹ ਆਉਂਦੇ ਸਮੇਂ ‘ਚ ਹੋਰ ਵਿਲੱਖਣ ਗੀਤ ਸਰੋਤਿਆਂ ਦੇ ਰੂਬਰੂ ਕਰਨਗੇ। ਸਰੋਤਿਆਂ ਵੱਲੋਂ ਮਿਲ ਰਹੇ ਪਿਆਰ ਦਾ ਧੰਨਵਾਦ ਕਰਦੇ ਹੋਏ ਮਲਕੀਤ ਨੇ ਕਿਹਾ ਕਿ ਸਰੋਤੇ ਮੇਰੇ ਲਈ ਹਮੇਸ਼ਾਂ ਪ੍ਰੇਰਣਾ-ਸ੍ਰੋਤ ਹਨ। ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਸਰੋਤਿਆਂ ਦਾ ਸਨੇਹ ਅਤੇ ਝਿੱੜਕਾਂ ਮੇਰੇ ਲਈ ਨਵੀਆਂ ਪੈੜਾਂ ਨੂੰ ਸਿੱਜਦਾ ਕਰਨਾ ਹੈ। ਇਸ ਲਈ ਚੰਗਾ ਗਾਉਂਣਾ ਮੇਰਾ ਪਲੇਠਾ ਕਾਰਜ਼ ਰਹੇਗਾ। ਮੋਹਿੰਦਰ ਰੰਧਾਵਾ ਦੀ ਅਗਵਾਈ ‘ਚ ਤਿਆਰ ਇਸ ਗੀਤ ਦੀ ਚਰਚਾ ਚਾਰ ਚੁਫੇਰੇ ਹੈ।