ਆਸਟ੍ਰੇਲੀਆ ਦੇ ਇਕ ਹੋਰ ਰਾਜ ਨੇ ''ਇੱਛਾ ਮੌਤ'' ਨੂੰ ਦਿੱਤੀ ਪ੍ਰਵਾਨਗੀ
Wednesday, Mar 24, 2021 - 05:59 PM (IST)
ਸਿਡਨੀ (ਬਿਊਰੋ): ਬਜ਼ੁਰਗ ਅਤੇ ਹੋਰ ਅਜਿਹੇ ਲੋਕ ਜਿਹੜੇ ਕਿ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ ਅਤੇ ‘ਇੱਛਾ ਮੌਤ’ ਚਾਹੁੰਦੇ ਹਨ, ਦੇ ਲਈ ਤਸਮਾਨੀਆ ਦੇ ਉਪਰਲੇ ਸਦਨ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਆਉਣ ਵਾਲੇ ਅਗਲੇ 18 ਮਹੀਨਿਆਂ ਵਿਚ ਇਸ ਬਿੱਲ ਨੂੰ ਕਾਨੂੰਨ ਦੇ ਰੂਪ ਵਿਚ ਪ੍ਰਵਾਨਗੀ ਦੇ ਕੇ ਲਾਗੂ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਤਸਮਾਨੀਆ ਰਾਜ, ਆਸਟ੍ਰੇਲੀਆ ਦੇਸ਼ ਦਾ ਤੀਸਰਾ ਅਜਿਹਾ ਸੂਬਾ ਬਣ ਗਿਆ ਹੈ ਜਿੱਥੇ ਕਿ ਉਕਤ ਕਾਨੂੰਨ ਨੂੰ ਮਾਨਤਾ ਮਿਲ ਗਈ ਹੈ।
ਬੀਤੀ ਰਾਤ ਇਸ ਬਿੱਲ ਨੂੰ ਤਸਮਾਨੀਆ ਸਦਨ ਵਿਚ ਪ੍ਰਵਾਨਗੀ ਦਿੱਤੀ ਗਈ। ਜ਼ਿਕਰਯੋਗ ਹੈ ਕਿ ਇਹ ਬਿੱਲ ਇਸ ਮਹੀਨੇ ਦੀ 5 ਤਾਰੀਖ਼ ਨੂੰ ਹੇਠਲੇ ਸਦਨ ਤੋਂ 16-6 ਵੋਟਾਂ ਨਾਲ ਪਾਸ ਹੋ ਕੇ ਉਪਰਲੇ ਸਦਨ ਭੇਜਿਆ ਗਿਆ ਸੀ। ਇਸ ਦੀ ਪੈਰਵੀ ਲਈ ਪ੍ਰੀਮੀਅਰ ਪੀਟਰ ਗਟਵੇਨ ਵੀ ਅੱਗੇ ਆਏ ਹਨ। ਇਸ ਕਾਨੂੰਨ ਮੁਤਾਬਕ, ਅਜਿਹੇ ਲੋਕ ਜੋ ਕਿ ਕਿਸੇ ਭਿਆਨਕ ਬੀਮਾਰੀ ਤੋਂ ਪੀੜਤ ਹਨ ਅਤੇ ਡਾਕਟਰੀ ਰਿਪੋਰਟਾਂ ਮੁਤਾਬਕ ਅਗਲੇ 6 ਕੁ ਮਹੀਨਿਆਂ ਵਿਚ ਉਨ੍ਹਾਂ ਦੀ ਮੌਤ ਹੋਣੀ ਵੀ ਤੈਅ ਹੈ ਅਤੇ ਉਹ ਮੌਜੂਦਾ ਸਮੇਂ ਵਿਚ ਸਿਰਫ ਤਕਲੀਫ਼ ਹੀ ਭੋਗ ਰਹੇ ਹਨ ਤਾਂ ਫਿਰ ਅਜਿਹੇ ਮਰੀਜ਼ਾਂ ਨੂੰ ਜੇਕਰ ਉਹ ਚਾਹੁਣ ਤਾਂ ਉਹਨਾਂ ਨੂੰ ਕਾਨੂੰਨ ਮੁਤਾਬਕ ਇੱਛਾ ਮੌਤ ਦਿੱਤੀ ਜਾ ਸਕਦੀ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤ ਅਤੇ ਅਮਰੀਕਾ ਅੰਦਰੂਨੀ ਸੁਰੱਖਿਆ 'ਤੇ ਮੁੜ ਗੱਲਬਾਤ ਕਰਨ 'ਤੇ ਸਹਿਮਤ
ਇਸ ਤੋਂ ਪਹਿਲਾਂ ਪੱਛਮੀ ਆਸਟ੍ਰੇਲੀਆ ਅਤੇ ਵਿਕਟੋਰੀਆ ਇਸ ਕਾਨੂੰਨ ਨੂੰ ਆਪਣੇ ਰਾਜਾਂ ਵਿਚ ਮਾਨਤਾ ਦੇ ਚੁੱਕੇ ਹਨ। ਇਸ ਬਿੱਲ ਨੂੰ ਪੇਸ਼ ਕਰਨ ਵਾਲੇ ਆਜ਼ਾਦ ਸਾਂਸਦ ਮਾਈਕ ਗੈਫਨੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਇਹ ਮੁਹਿੰਮ ਦਾ ਹਿੱਸਾ ਹਨ ਅਤੇ ਅਜਿਹੇ ਲੋਕਾਂ ਨੂੰ ਮੁਕਤੀ ਦੇਣ ਦੇ ਚਾਹਵਾਨ ਹਨ ਜੋ ਕਿ ਇਸ ਦੀ ਇੱਛਾ ਰੱਖਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।