ਜ਼ਿੰਦਗੀ ਬਚਾਉਣ ਲਈ ਜੰਗਲ ''ਚ ਦੋ ਦਿਨਾਂ ਤਕ ਰੇਂਗਦਾ ਰਿਹਾ ਬੁਸ਼ਵਾਕਰ

09/18/2019 2:47:17 PM

ਸਿਡਨੀ— ਆਸਟ੍ਰੇਲੀਅਨ ਬੁਸ਼ਵਾਕਰ ਭਾਵ ਝਾੜੀਆਂ 'ਚ ਘੁੰਮਣ ਵਾਲੇ ਇਕ ਵਿਅਕਤੀ ਨਾਲ ਹਾਦਸਾ ਵਾਪਰ ਗਿਆ ਤੇ ਉਸ ਦੀ ਲੱਤ ਟੁੱਟ ਗਈ ਪਰ ਉਸ ਨੇ ਬਿਨਾਂ ਹਿੰਮਤ ਛੱਡਿਆ ਆਪਣੀ ਜ਼ਿੰਦਗੀ ਬਚਾ ਲਈ। 54 ਸਾਲਾ ਨੀਲ ਪਾਰਕਰ ਨੇ ਦੱਸਿਆ ਕਿ ਬ੍ਰਿਸਬੇਨ 'ਚ ਘੁੰਮਣ ਦੌਰਾਨ ਐਤਵਾਰ ਨੂੰ ਉਹ ਇਕ ਝਰਨੇ ਤੋਂ ਫਿਸਲ ਕੇ ਹੇਠਾਂ ਡਿੱਗ ਗਿਆ ਤੇ ਉਸ ਦੀ ਲੱਤ ਟੁੱਟ ਗਈ। ਉਸ ਦਾ ਫੋਨ ਵੀ ਪਾਣੀ 'ਚ ਡਿੱਗਣ ਕਰਕੇ ਖਰਾਬ ਹੋ ਗਿਆ , ਜਿਸ ਕਾਰਨ ਉਹ ਕਿਸੇ ਨੂੰ ਮਦਦ ਲਈ ਫੋਨ ਵੀ ਨਾ ਕਰ ਸਕਿਆ। ਨੀਲ ਨੇ ਹਿੰਮਤ ਨਾ ਹਾਰੀ ਤੇ ਦਰਦ ਬਰਦਾਸ਼ਤ ਕਰਦਿਆਂ ਦੋ ਦਿਨ ਝਾੜੀਆਂ 'ਚ ਰੇਂਗਦੇ ਹੋਏ ਆਪਣੀ ਜ਼ਿੰਦਗੀ ਬਚਾਈ।

ਉਸ ਨੇ ਦੱਸਿਆ ਕਿ ਉਹ ਕੈਬੇਜ ਟਰੀ ਕ੍ਰੀਕ 'ਚ 6 ਮੀਟਰ ਉੱਚੇ ਝਰਨੇ ਤੋਂ ਫਿਸਲ ਗਿਆ ਸੀ ਤੇ ਉਸ ਦੀ ਲੱਤ ਅਤੇ ਗੁੱਟ ਟੁੱਟ ਗਿਆ। ਉਹ ਰੇਂਗਦਾ ਹੋਇਆ ਪਹਾੜੀ ਤੇ ਜੰਗਲੀ ਰਸਤੇ 'ਚੋਂ ਲੰਘ ਰਿਹਾ ਸੀ। ਉਸ ਕੋਲ ਮਦਦ ਮੰਗਣ ਦਾ ਵੀ ਕੋਈ ਰਾਹ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਕੋਲ ਥੋੜੇ ਜਿਹੇ ਨਟਸ ਤੇ ਕੁੱਝ ਟਾਫੀਆਂ ਸਨ, ਇਸ ਤੋਂ ਇਲਾਵਾ ਉਸ ਕੋਲ ਖਾਣ ਲਈ ਵੀ ਕੁੱਝ ਨਹੀਂ ਸੀ। ਉਸ ਨੇ ਕਿਹਾ ਕਿ ਜਿਸ ਰਸਤੇ ਨੂੰ ਉਹ ਸਿਰਫ 40 ਮਿੰਟਾਂ 'ਚ ਪੂਰਾ ਕਰ ਸਕਦਾ ਸੀ, ਉਸ ਨੂੰ ਰੇਂਗਦੇ ਹੋਏ ਉਹ ਦੋ ਦਿਨਾਂ 'ਚ ਮੁਸ਼ਕਲ ਨਾਲ ਪਾਰ ਕਰ ਸਕਿਆ। ਮੰਗਲਵਾਰ ਦੁਪਹਿਰ ਨੂੰ ਇਕ ਰੈਸਕਿਊ ਹੈਲੀਕਾਪਟਰ ਨੇ ਉਸ ਨੂੰ ਲੱਭਿਆ ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਉਸ ਦਾ ਇਲਾਜ ਚੱਲ ਰਿਹਾ ਹੈ।


Related News