ਫ਼ੌਜ ਦੀ ਆਲੋਚਨਾ ਕਰਨ ਵਾਲੇ ਪਾਕਿਸਤਾਨ ਦੇ ਪੱਤਰਕਾਰ ਅਯਾਜ਼ ਆਮਿਰ ’ਤੇ ਹਮਲਾ

07/02/2022 4:36:34 PM

ਲਾਹੌਰ (ਭਾਸ਼ਾ)-ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਅਤੇ ਸਿਆਸੀ ਵਿਸ਼ਲੇਸ਼ਕ ਅਯਾਜ਼ ਆਮਿਰ ’ਤੇ ਸ਼ੁੱਕਰਵਾਰ ਰਾਤ ਨੂੰ ਲਾਹੌਰ ’ਚ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਹ ਘਟਨਾ ਉਦੋਂ ਵਾਪਰੀ ਹੈ, ਜਦੋਂ ਉਸ ਨੇ ਇਕ ਦਿਨ ਪਹਿਲਾਂ ਪਾਕਿਸਤਾਨ ਦੇ ਫੌਜੀ ਜਨਰਲਜ਼ ਨੂੰ ‘ਪ੍ਰਾਪਰਟੀ ਡੀਲਰ’ ਕਿਹਾ ਸੀ। ਆਮਿਰ (73) ‘ਦੁਨੀਆ ਨਿਊਜ਼’ ’ਤੇ ਆਪਣੇ ਟੀ. ਵੀ. ਪ੍ਰੋਗਰਾਮ ਦੇ ਪ੍ਰਸਾਰਣ ਤੋਂ ਬਾਅਦ ਘਰ ਪਰਤ ਰਹੇ ਸਨ, ਜਦੋਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਉਨ੍ਹਾਂ ਨੇ ਦਾਅਵਾ ਕੀਤਾ ਕਿ ਉਸ ਨੂੰ ਕਾਰ ’ਚੋਂ ਬਾਹਰ ਖਿੱਚਿਆ ਗਿਆ ਅਤੇ ਕੁੱਟਮਾਰ ਕੀਤੀ ਗਈ। ਆਮਿਰ ਦੇ ਚਿਹਰੇ ’ਤੇ ਜ਼ਖ਼ਮ ਹਨ ਅਤੇ ਉਨ੍ਹਾਂ ਨੇ ਦੋਸ਼ ਲਾਇਆ ਕਿ ਨਕਾਬਪੋਸ਼ ਬਦਮਾਸ਼ਾਂ ਨੇ ਨਾ ਸਿਰਫ ਉਸ ’ਤੇ ਹਮਲਾ ਕੀਤਾ ਅਤੇ ਉਸ ਦੇ ਕੱਪੜੇ ਪਾੜ ਦਿੱਤੇ, ਸਗੋਂ ਉਸ ਦਾ ਮੋਬਾਈਲ ਫੋਨ ਅਤੇ ਪਰਸ ਵੀ ਲੈ ਗਏ।

ਭੀੜ-ਭੜੱਕੇ ਵਾਲੀ ਸੜਕ ’ਤੇ ਲੋਕਾਂ ਦੇ ਇਕੱਠਾ ਹੋਣ ਤੋਂ ਬਾਅਦ ਉਹ (ਹਮਲਾਵਰ) ਭੱਜ ਗਏ।’’ ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ‘ਸੱਤਾ ਪਰਿਵਰਤਨ ਤੇ ਪਾਿਕਸਤਾਨ ’ਤੇ ਉਸ ਦਾ ਨਤੀਜਾ’ ਵਿਸ਼ੇ ’ਤੇ ਇਸਲਾਮਾਬਾਦ ’ਚ ਇਕ ਸੈਮੀਨਾਰ ’ਚ ਆਮਿਰ ਨੇ ਸ਼ਕਤੀਸ਼ਾਲੀ ਫੌਜੀ ਅਦਾਰੇ ’ਤੇ ਪਾਕਿਸਤਾਨ ਦੀ ਸਿਆਸਤ ਵਿਚ ਉਸ ਦੀ ਭੂਮਿਕਾ ਨੂੰ ਲੈ ਕੇ ਨਿਸ਼ਾਨਾ ਸਾਧਿਆ। ਸੈਮੀਨਾਰ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀ ਸ਼ਿਰਕਤ ਕੀਤੀ ਸੀ। ਉਨ੍ਹਾਂ ਨੇ ਫੌਜੀ ਜਨਰਲਜ਼ ਨੂੰ ‘ਪ੍ਰਾਪਰਟੀ ਡੀਲਰ’ ਦੱਸਿਆ ਸੀ ਅਤੇ ਮੁਹੰਮਦ ਅਲੀ ਜਿੱਨਾਹ ਅਤੇ ਆਲਮ ਇਕਬਾਲ ਦੀਆਂ ਤਸਵੀਰਾਂ ਹਟਾ ਕੇ ਉਨ੍ਹਾਂ ਦੀ ਥਾਂ ‘ਪ੍ਰਾਪਰਟੀ ਡੀਲਰਜ਼’ ਦੀਆਂ ਤਸਵੀਰਾਂ ਲਾਉਣ ਦਾ ਸੁਝਾਅ ਦਿੱਤਾ ਸੀ। ਆਮਿਰ ਦੇ ਭਾਸ਼ਣ ਦੇ ਕੁਝ ਅੰਸ਼ ਸੋਸ਼ਲ ਮੀਡੀਆ ’ਤੇ ਪ੍ਰਸਾਰਿਤ ਕੀਤੇ ਗਏ ਸਨ।

ਇਸ ਵਿਚਾਲੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਾਹਬਾਜ਼ ਨੇ ਸੀਨੀਅਰ ਪੱਤਰਕਾਰ ’ਤੇ ਹੋਏ ਹਮਲੇ ਨੂੰ ਲੈ ਕੇ ਪੁਲਸ ਦੇ ਇੰਸਪੈਕਟਰ ਜਨਰਲ ਤੋਂ ਰਿਪੋਰਟ ਮੰਗੀ ਹੈ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ। ਇਸ ਘਟਨਾ ’ਤੇ ਪ੍ਰਤੀਕਿਰਿਆ ਦਿੰਦਿਆਂ ਇਮਰਾਨ ਖਾਨ ਨੇ ਟਵੀਟ ਕੀਤਾ, ‘‘ਮੈਂ ਅੱਜ ਲਾਹੌਰ ’ਚ ਸੀਨੀਅਰ ਪੱਤਰਕਾਰ ਅਯਾਜ਼ ਆਮਿਰ ਦੇ ਖ਼ਿਲਾਫ਼ ਹਿੰਸਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕਰਦਾ ਹਾਂ। ਪੱਤਰਕਾਰਾਂ, ਵਿਰੋਧੀ ਧਿਰ ਦੇ ਨੇਤਾਵਾਂ ਅਤੇ ਆਮ ਨਾਗਰਿਕਾਂ ਵਿਰੁੱਧ ਹਿੰਸਾ ਤੇ ਐੱਫ. ਆਈ. ਆਰਜ਼ ਦਰਜ ਹੋਣ ਵਿਚਾਲੇ ਪਾਕਿਸਤਾਨ ਸਭ ਤੋਂ ਖ਼ਰਾਬ ਫਾਸ਼ੀਵਾਦ ਦਾ ਸਾਹਮਣਾ ਕਰ ਰਿਹਾ ਹੈ। ਜਦੋਂ ਕੋਈ ਦੇਸ਼ ਸਾਰੇ ਨੈਤਿਕ ਅਧਿਕਾਰ ਗੁਆ ਲੈਂਦਾ ਹੈ, ਤਾਂ ਉਹ ਹਿੰਸਾ ਵੱਲ ਮੁੜਦਾ ਹੈ।’’ ਪੱਤਰਕਾਰਾਂ, ਵਕੀਲਾਂ ਦੀਆਂ ਯੂਨੀਅਨਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ।


Manoj

Content Editor

Related News