ਬੰਗਲਾਦੇਸ਼ ਦੀ ਬੁੱਢੀ ਗੰਗਾ 'ਚ ਕਿਸ਼ਤੀ ਪਲਟਣ ਕਾਰਨ 32 ਲੋਕਾਂ ਦੀ ਮੌਤ
Monday, Jun 29, 2020 - 10:55 PM (IST)

ਢਾਕਾ(ਭਾਸ਼ਾ): ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਸੋਮਵਾਰ ਨੂੰ ਬੁੱਢੀ ਗੰਗਾ ਨਦੀ ਵਿਚ 100 ਤੋਂ ਵਧੇਰੇ ਲੋਕਾਂ ਨੂੰ ਲਿਜਾ ਰਹੀ ਇਕ ਕਿਸ਼ਤੀ ਇਕ ਵੱਡੇ ਜਹਾਜ਼ ਨਾਲ ਟਕਰਾ ਕੇ ਪਲਟ ਗਈ, ਜਿਸ ਵਿਚ ਘੱਟ ਤੋਂ ਘੱਟ 32 ਲੋਕਾਂ ਦੀ ਮੌਤ ਡੁੱਬਣ ਕਾਰਣ ਹੋ ਗਈ ਤੇ ਕਈ ਹੋਰ ਲੋਕ ਲਾਪਤਾ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਬੰਗਲਾਦੇਸ਼ ਅੰਤਰਦੇਸ਼ੀ ਜਲ ਆਵਾਜਾਈ ਅਥਾਰਟੀ ਦੇ ਇਕ ਅਧਿਕਾਰੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਅਜਿਹਾ ਲੱਗ ਰਿਹਾ ਹੈ ਕਿ ਦੁਕਘਟਨਾ ਦੋਵਾਂ ਚਾਲਕਾਂ ਦੀ ਲਾਪਰਵਾਹੀ ਦੇ ਕਾਰਣ ਹੋਈ। ਬਚਾਅ ਕਰਮਚਾਰੀਆਂ ਨੇ ਖਦਸ਼ਾ ਜ਼ਾਹਿਰ ਕੀਤਾ ਹੈ ਕਿ ਘਟਨਾ ਦੇ ਵੇਲੇ ਕਿਸ਼ਤੀ ਵਿਚ ਕਈ ਯਾਤਰੀ ਫਸੇ ਰਹਿ ਗਏ ਹੋਣਗੇ। ਇਹ ਹਾਦਸਾ ਪੁਰਾਣੇ ਢਾਕਾ ਦੇ ਸ਼ਾਮ ਬਾਜ਼ਾਰ ਇਲਾਕੇ ਵਿਚ ਸਵੇਰੇ 9:30 ਵਜੇ ਹੋਇਆ। ਨੇਵੀ, ਕੋਸਟ ਗਾਰਡ ਅਤੇ ਫਾਇਰ ਸਰਵਿਸ ਦੀਆਂ ਟੀਮਾਂ ਰਾਹਤ ਕੰਮ 'ਚ ਲਗਾਈਆਂ ਗਈਆਂ ਹਨ। ਇਸ ਦੌਰਾਨ ਬੰਗਲਾਦੇਸ਼ ਦੇ ਇਕ ਮੰਤਰੀ ਖਾਲਿਦ ਮਹਿਮੂਦ ਚੌਧਰੀ ਨੇ ਕਿਹਾ ਕਿ ਇਹ ਘਟਨਾ ਟਾਰਗੇਟ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ ਤੇ ਜੇਕਰ ਜਾਂਚ ਵਿਚ ਇਹ ਗੱਲ ਪਤਾ ਲੱਗਦੀ ਹੈ ਕਿ ਜਾਣ-ਬੁੱਝ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਤਾਂ ਹੱਤਿਆ ਨਾਲ ਸਬੰਧਿਤ ਕਾਨੂੰਨ ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।