ਬੋਇੰਗ ਸਟਾਰਲਾਈਨਰ’ ਕੈਪਸੂਲ ’ਤੇ ਮੁੜ ਉਡਾਣ ਭਰਨ ਲਈ ਤਿਆਰ ਪੁਲਾੜ ਯਾਤਰੀ
Tuesday, Apr 01, 2025 - 10:33 PM (IST)

ਕੇਪ ਕੈਨੇਵਰਲ, (ਭਾਸ਼ਾ)- ਨਾਸਾ ਦੇ ਮਸ਼ਹੂਰ ਪੁਲਾੜ ਯਾਤਰੀ ਬੁੱਚ ਵਿਲਮੋਰ ਅਤੇ ਸੁਨੀਤਾ ਵਿਲੀਅਮਜ਼ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪੁਲਾੜ ਯਾਤਰਾ ਦੌਰਾਨ ਜੋ ਵੀ ਗਲਤ ਹੋਇਆ, ਉਸ ਲਈ ਉਹ ਅੰਸ਼ਿਕ ਤੌਰ ’ਤੇ ਜ਼ਿੰਮੇਵਾਰ ਹਨ। ਮਸ਼ਹੂਰ ਪੁਲਾੜ ਯਾਤਰੀਆਂ ਨੇ ਕਿਹਾ ਕਿ ਉਹ ‘ਬੋਇੰਗ ਸਟਾਰਲਾਈਨਰ’ ’ਤੇ ਮੁੜ ਉਡਾਣ ਭਰਨਗੇ।
‘ਸਪੇਸਐਕਸ’ ਨੇ ਹਾਲ ਹੀ ’ਚ ਦੋਵੇਂ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ’ਤੇ 9 ਮਹੀਨਿਆਂ ਤੋਂ ਵੱਧ ਸਮਾਂ ਬਿਤਾਉਣ ਤੋਂ ਬਾਅਦ ਧਰਤੀ ’ਤੇ ਵਾਪਸ ਲਿਆਂਦਾ ਹੈ। ਬੋਇੰਗ ਪਿਛਲੇ ਸਾਲ ਉਨ੍ਹਾਂ ਤੋਂ ਬਿਨਾਂ ਹੀ ਧਰਤੀ ’ਤੇ ਵਾਪਸ ਆ ਗਿਆ ਸੀ। ਘਰ ਪਰਤਣ ਤੋਂ ਬਾਅਦ ਆਪਣੀ ਪਹਿਲੀ ਪ੍ਰੈੱਸ ਕਾਨਫਰੰਸ ’ਚ ਦੋਵਾਂ ਨੇ ਕਿਹਾ ਕਿ ਉਹ ਲੋਕਾਂ ’ਚ ਇੰਨੀ ਦਿਲਚਸਪੀ ਦੇਖ ਕੇ ਹੈਰਾਨ ਹਨ, ਉਹ ਸਿਰਫ਼ ਆਪਣਾ ਕੰਮ ਕਰ ਰਹੇ ਸਨ ਅਤੇ ਮਿਸ਼ਨ ਨੂੰ ਆਪਣੇ ਪਰਿਵਾਰਾਂ ਤੋਂ ਵੀ ਉੱਪਰ ਰੱਖਿਆ।
ਮੈਂ ਆਪਣੇ ਪਿਤਾ ਦੀ ‘ਜਨਮਭੂਮੀ’ ਜ਼ਰੂਰ ਜਾਵਾਂਗੀ : ਸੁਨੀਤਾ
ਸੁਨੀਤਾ ਵਿਲੀਅਮਜ਼ ਨੇ ਕਿਹਾ ਕਿ ਪੁਲਾੜ ਤੋਂ ਭਾਰਤ ਸ਼ਾਨਦਾਰ ਦਿਖਾਈ ਦਿੰਦਾ ਹੈ। ਉਸ ਨੇ ਉਮੀਦ ਪ੍ਰਗਟਾਈ ਕਿ ਉਹ ਆਪਣੇ ਪਿਤਾ ਦੀ ‘ਜਨਮਭੂਮੀ’ ਦਾ ਦੌਰਾ ਜ਼ਰੂਰ ਕਰੇਗੀ ਅਤੇ ਉਥੋਂ ਦੇ ਲੋਕਾਂ ਨਾਲ ਪੁਲਾੜ ਖੋਜ ਬਾਰੇ ਆਪਣੇ ਤਜਰਬੇ ਸਾਂਝੇ ਕਰੇਗੀ।