ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਮਨਮੋਹਨ ਸਿੰਘ ਦੇ ਦੇਹਾਂਤ ''ਤੇ ਪ੍ਰਗਟਾਇਆ ਦੁੱਖ
Saturday, Dec 28, 2024 - 05:08 PM (IST)
ਸੰਯੁਕਤ ਰਾਸ਼ਟਰ (ਏਜੰਸੀ)- ਸੰਯੁਕਤ ਰਾਸ਼ਟਰ ਮੁਖੀ ਐਂਟੋਨੀਓ ਗੁਤਾਰੇਸ ਨੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਗੁਤਾਰੇਸ ਨੇ ਸਿੰਘ ਦੇ ਪਰਿਵਾਰ, ਸਰਕਾਰ ਅਤੇ ਭਾਰਤ ਦੇ ਲੋਕਾਂ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ ਹੈ। ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕਰਦੇ ਹੋਏ ਗੁਤਾਰੇਸ ਨੇ ਭਾਰਤ ਅਤੇ ਸੰਯੁਕਤ ਰਾਸ਼ਟਰ ਵਿਚ ਸਾਬਕਾ ਪ੍ਰਧਾਨ ਮੰਤਰੀ ਦੇ ਯੋਗਦਾਨ ਦਾ ਜ਼ਿਕਰ ਕੀਤਾ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਦੇ ਬੁਲਾਰੇ ਸਟੀਫਨ ਦੁਜਾਰਿਕ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ, 'ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਮੌਤ ਦੀ ਖਬਰ ਸੁਣ ਕੇ ਸਕੱਤਰ ਜਨਰਲ ਦੁਖੀ ਹਨ। ਸਿੰਘ ਨੇ ਭਾਰਤ ਦੇ ਹਾਲ ਹੀ ਦੇ ਇਤਿਹਾਸ ਵਿੱਚ, ਖਾਸ ਕਰਕੇ ਇਸ ਦੇ ਆਰਥਿਕ ਰਾਹ ਨੂੰ ਆਕਾਰ ਦੇਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।'
ਬਿਆਨ ਵਿੱਚ ਕਿਹਾ ਗਿਆ ਹੈ, '2004 ਤੋਂ 2014 ਤੱਕ ਪ੍ਰਧਾਨ ਮੰਤਰੀ ਵਜੋਂ ਸਿੰਘ ਨੇ ਭਾਰਤ ਵਿੱਚ ਮਹੱਤਵਪੂਰਨ ਆਰਥਿਕ ਤਰੱਕੀ ਅਤੇ ਵਿਕਾਸ ਲਈ ਕੰਮ ਕੀਤਾ। ਉਨ੍ਹਾਂ ਦੀ ਅਗਵਾਈ ਵਿੱਚ, ਭਾਰਤ ਨੇ ਸੰਯੁਕਤ ਰਾਸ਼ਟਰ ਦੇ ਨਾਲ ਆਪਣੇ ਸਹਿਯੋਗ ਨੂੰ ਵੀ ਮਜ਼ਬੂਤ ਕੀਤਾ ਅਤੇ ਗਲੋਬਲ ਪਹਿਲਕਦਮੀਆਂ ਅਤੇ ਭਾਈਵਾਲੀ ਵਿੱਚ ਸਰਗਰਮੀ ਨਾਲ ਯੋਗਦਾਨ ਪਾਇਆ।' 2004 ਤੋਂ 2014 ਤੱਕ 2 ਵਾਰ ਪ੍ਰਧਾਨ ਮੰਤਰੀ ਰਹੇ ਸਿੰਘ ਦਾ ਵੀਰਵਾਰ ਨੂੰ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਏਮਜ਼) ਵਿੱਚ ਦਿਹਾਂਤ ਹੋ ਗਿਆ ਸੀ। ਉਹ 92 ਸਾਲ ਦੇ ਸਨ। ਉਨ੍ਹਾਂ ਦਾ ਸਸਕਾਰ ਸ਼ਨੀਵਾਰ ਨੂੰ ਨਵੀਂ ਦਿੱਲੀ ਦੇ ਨਿਗਮਬੋਧ ਘਾਟ ਵਿਖੇ ਕੀਤਾ ਗਿਆ।