ਯੁੱਧ ਦਾ 9ਵਾਂ ਦਿਨ : ਯੂਕ੍ਰੇਨ 'ਤੇ ਰੂਸ ਦੇ ਤਾਬੜਤੋੜ ਹਮਲੇ ਜਾਰੀ, ਇਕ ਭਾਰਤੀ ਵਿਦਿਆਰਥੀ ਨੂੰ ਲੱਗੀ ਗੋਲੀ
Friday, Mar 04, 2022 - 10:09 AM (IST)
ਕੀਵ (ਏ.ਐੱਨ.ਆਈ.): ਰੂਸ ਅਤੇ ਯੂਕ੍ਰੇਨ ਵਿਚਾਲੇ ਜੰਗ ਰੁਕਣ ਦਾ ਨਾਂ ਨਹੀਂ ਲੈ ਰਹੀ। ਅੱਜ ਯੁੱਧ ਦਾ 9ਵਾਂ ਦਿਨ ਹੈ।ਰੂਸ ਵੱਲੋਂ ਸਪੱਸ਼ਟ ਤੌਰ 'ਤੇ ਇਹ ਗੱਲ ਪ੍ਰਗਟਾਈ ਜਾ ਰਹੀ ਹੈ ਕਿ ਉਹ ਯੂਕ੍ਰੇਨ ਦੀ ਰਾਜਧਾਨੀ ਕੀਵ 'ਤੇ ਕਬਜ਼ਾ ਕਰਕੇ ਹੀ ਰਹੇਗਾ। ਇਸ ਦੌਰਾਨ ਭਾਰਤ ਲਈ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਰੂਸ ਵੱਲੋਂ ਕੀਤੀ ਭਾਰੀ ਗੋਲੀਬਾਰੀ ਵਿੱਚ ਅੱਜ ਯੂਕ੍ਰੇਨ ਦੀ ਰਾਜਧਾਨੀ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਭਾਰਤੀ ਵਿਦਿਆਰਥੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜ਼ਖ਼ਮੀ ਵਿਦਿਆਰਥੀ ਦਾ ਨਾਮ ਹਰਜੋਤ ਸਿੰਘ ਹੈ।
ਵੀਕੇ ਸਿੰਘ ਨੇ ਕੀਤਾ ਖੁਲਾਸਾ
ਸ਼ਹਿਰੀ ਹਵਾਬਾਜ਼ੀ ਰਾਜ ਮੰਤਰੀ (MoS) ਜਨਰਲ ਵੀਕੇ ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜ਼ੇਜ਼ੋ ਹਵਾਈ ਅੱਡੇ 'ਤੇ ਇਸ ਗੱਲ ਦਾ ਖੁਲਾਸਾ ਕੀਤਾ। ਸਿੰਘ ਨੇ ਦੱਸਿਆ ਕਿ ਕੀਵ ਤੋਂ ਇਕ ਵਿਦਿਆਰਥੀ ਨੂੰ ਗੋਲੀ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਸ ਨੂੰ ਤੁਰੰਤ ਕੀਵ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ।ਇੱਥੇ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੌਰਾਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ। ਯੂਕ੍ਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰ ਰਹੇ ਕਰਨਾਟਕ ਦੇ ਨਵੀਨ ਕੁਮਾਰ ਦੀ ਮੌਤ ਹੋ ਗਈ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ। ਨਵੀਨ ਕੁਮਾਰ ਯੂਕ੍ਰੇਨ ਦੇ ਖਾਰਕੀਵ ਵਿੱਚ ਹੋਏ ਭਿਆਨਕ ਹਮਲੇ ਦੌਰਾਨ ਮਾਰਿਆ ਗਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ- ਰਾਸ਼ਟਰਪਤੀ ਜ਼ੇਲੇਂਸਕੀ ਦਾ ਵੱਡਾ ਬਿਆਨ, ਯੂਕ੍ਰੇਨੀਅਨ ਨਹੀਂ ਕਰਨਗੇ ਆਤਮ ਸਮਰਪਣ
ਉੱਧਰ ਰੂਸ-ਯੂਕ੍ਰੇਨ ਯੁੱਧ ਦੌਰਾਨ ਨਾਗਰਿਕ ਅਤੇ ਵਿਦਿਆਰਥੀ ਇਸ ਸਮੇਂ ਯੁੱਧ ਪ੍ਰਭਾਵਿਤ ਦੇਸ਼ ਯੂਕ੍ਰੇਨ ਤੋਂ ਭੱਜ ਰਹੇ ਹਨ। ਭਾਰਤੀ ਵਿਦਿਆਰਥੀ ਆਪਣੀ ਸੁਰੱਖਿਅਤ ਭਾਰਤ ਵਾਪਸੀ ਲਈ ਪੋਲੈਂਡ ਦੀ ਸਰਹੱਦ 'ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਚਾਰ ਕੇਂਦਰੀ ਮੰਤਰੀਆਂ, ਹਰਦੀਪ ਸਿੰਘ ਪੁਰੀ, ਜੋਤੀਰਾਦਿੱਤਿਆ ਐਮ ਸਿੰਧੀਆ, ਕਿਰਨ ਰਿਜਿਜੂ ਅਤੇ ਜਨਰਲ (ਸੇਵਾਮੁਕਤ) ਵੀਕੇ ਸਿੰਘ ਦੀ ਇੱਕ ਟੀਮ ਵੀ ਭਾਰਤ ਸਰਕਾਰ ਦੁਆਰਾ ਯੂਕ੍ਰੇਨ ਨਾਲ ਲੱਗਦੇ ਦੇਸ਼ਾਂ ਵਿੱਚ ਨਿਕਾਸੀ ਯਤਨਾਂ ਦੀ ਨਿਗਰਾਨੀ ਕਰਨ ਲਈ ਭੇਜੀ ਗਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।