ਗਾਜ਼ਾ ’ਚ ਭਾਰਤੀ ਮੂਲ ਦੇ ਇਕ ਹੋਰ ਫ਼ੌਜੀ ਦੀ ਮੌਤ, ਹੁਣ ਤੱਕ 4 ਭਾਰਤੀ ਫ਼ੌਜੀਆਂ ਨੇ ਗੁਆਈ ਜਾਨ

Friday, Dec 08, 2023 - 10:51 AM (IST)

ਤੇਲ ਅਵੀਵ (ਏ. ਐੱਨ. ਆਈ.)- ਹਮਾਸ ਸ਼ਾਸਿਤ ਗਾਜ਼ਾ ਪੱਟੀ ਵਿਚ ਇਸ ਹਫ਼ਤੇ ਲੜਾਈ ਵਿਚ ਭਾਰਤੀ ਮੂਲ ਦਾ ਇਕ ਹੋਰ ਇਜ਼ਰਾਈਲੀ ਫ਼ੌਜੀ ਮਾਰਿਆ ਗਿਆ। ਅਸ਼ਦੋਦ ਦਾ ਰਹਿਣ ਵਾਲਾ ਮਾਸਟਰ ਸਾਰਜੈਂਟ ਗਿਲ ਡੈਨੀਅਲ ਮੰਗਲਵਾਰ ਨੂੰ ਗਾਜ਼ਾ ਵਿੱਚ ਮਾਰਿਆ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਉਸ ਦੇ ਜੱਦੀ ਸ਼ਹਿਰ ਵਿੱਚ ਕੀਤਾ ਗਿਆ। ਗਾਜ਼ਾ ਵਿੱਚ ਜ਼ਮੀਨੀ ਫੌਜੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਲਗਭਗ 86 ਇਜ਼ਰਾਈਲੀ ਫ਼ੌਜੀ ਮਾਰੇ ਜਾ ਚੁੱਕੇ ਹਨ, ਜਿਨ੍ਹਾਂ ਵਿੱਚ ਭਾਰਤੀ ਮੂਲ ਦੇ ਘੱਟੋ-ਘੱਟ 4 ਫ਼ੌਜੀ ਸ਼ਾਮਲ ਹਨ।

ਦੂਜੇ ਪਾਸੇ ਇਜ਼ਰਾਈਲ ਦੀ ਸੁਰੱਖਿਆ ਫੋਰਸ ਪੂਰੇ ਗਾਜ਼ਾ ਪੱਟੀ ਵਿੱਚ ਅੱਤਵਾਦੀ ਸੰਗਠਨ ਹਮਾਸ ਖ਼ਿਲਾਫ਼ ਆਪਣੀ ਲੜਾਈ ਜਾਰੀ ਰੱਖ ਰਹੀ ਹੈ। ਖਾਨ ਯੂਨਿਸ ਵਿਚ 98ਵੀਂ ਡਵੀਜ਼ਨ ਨੇ ਕਈ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਅਤੇ ਇਜ਼ਰਾਈਲ ਏਅਰ ਫੋਰਸ ਨੇ ਅੱਤਵਾਦੀਅਾਂ ਦੇ ਦਰਜਨਾਂ ਟਿਕਾਣਿਆਂ ’ਤੇ ਹਮਲਾ ਕੀਤਾ। ਆਈ. ਡੀ. ਐੱਫ. ਦੇ ਕਮਾਂਡੋਜ਼ ਨੇ ਇਕ ਸੁਰੰਗ ਤੋਂ ਬਾਹਰ ਆ ਰਹੇ ਅੱਤਵਾਦੀਆਂ ਦੀ ਇਕ ਟੁਕੜੀ ਨੂੰ ਘੇਰ ਲਿਆ, ਜਿਸ ਦੌਰਾਨ 2 ਅੱਤਵਾਦੀ ਮਾਰੇ ਗਏ ਅਤੇ ਸੁਰੰਗ ਦੇ ਮੂੰਹ ਨੂੰ ਤਬਾਹ ਕਰ ਦਿੱਤਾ ਗਿਆ। ਆਈ. ਡੀ. ਐੱਫ. ਦੀ 460ਵੀਂ ਬ੍ਰਿਗੇਡ ਨੇ ਜਬਾਲੀਆ ਸ਼ਰਨਾਰਥੀ ਕੈਂਪ ਦੇ ਖੇਤਰ ਵਿੱਚ ਹਮਾਸ ਦੇ ਇਕ ਟਿਕਾਣੇ ’ਤੇ ਹਮਲਾ ਕੀਤਾ, ਜਿਸ ਵਿੱਚ ਕਈ ਅੱਤਵਾਦੀ ਮਾਰੇ ਗਏ। ਸੁਰੱਖਿਆ ਫੋਰਸ ਨੇ ਪੋਸਟ ਤੋਂ ਬਾਹਰ ਨਿਕਲਣ ਵਾਲੀ ਅੰਡਰਗਰਾਊਂਡ ਸੁਰੰਗਾਂ ਦੇ ਇਕ ਨੈੱਟਵਰਕ, ਇਕ ਸਿਖਲਾਈ ਕੰਪਲੈਕਸ ਅਤੇ ਪੋਸਟ ਦੇ ਖੇਤਰ ਵਿੱਚ ਇਕ ਹਥਿਆਰਾਂ ਦਾ ਗੋਦਾਮ ਵੀ ਲੱਭਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਨੇ ਪਾਪੂਆ ਨਿਊ ਗਿਨੀ ਨਾਲ ਸੁਰੱਖਿਆ ਸਮਝੌਤੇ 'ਤੇ ਕੀਤੇ ਹਸਤਾਖਰ

ਹਮਾਸ ਨੇਤਾ ਯਾਹੀਆ ਸਿਨਵਾਰ ਸੁਰੰਗ ਰਾਹੀਂ ਭੱਜ ਸਕਦੈ ਮਿਸਰ

ਗਾਜ਼ਾ ਪੱਟੀ ਵਿੱਚ ਹਮਾਸ ਨੇਤਾ ਯਾਹੀਆ ਸਿਨਵਾਰ, ਜਿਸ ਨੂੰ 7 ਅਕਤੂਬਰ ਦੇ ਕਤਲੇਆਮ ਦੇ ਮਾਸਟਰਮਾਈਂਡਸ ਵਿੱਚੋਂ ਇਕ ਮੰਨਿਆ ਜਾਂਦਾ ਹੈ, ਮਸਜਿਦਾਂ ਦੇ ਹੇਠਾਂ ਬਣੀਆਂ ਸੁਰੰਗਾਂ ਰਾਹੀਂ ਮਿਸਰ ਭੱਜਣ ਦੀ ਕੋਸ਼ਿਸ਼ ਕਰ ਸਕਦਾ ਹੈ। ਹਮਾਸ ਦੇ ਧਾਰਮਿਕ ਐਂਡੋਮੈਂਟਸ ਮੰਤਰਾਲੇ ਨੇ ਹਾਲ ਹੀ ਵਿੱਚ ਵਿਸਥਾਪਿਤ ਵਿਅਕਤੀਆਂ ਲਈ ਮਸਜਿਦਾਂ ਖੋਲ੍ਹਣ ਦਾ ਹੁਕਮ ਦਿੱਤਾ ਹੈ। ਇਨ੍ਹਾਂ ਵਿੱਚੋਂ 5 ਮਸਜਿਦਾਂ ਮਿਸਰ ਦੇ ਸਿਨਾਈ ਦੇ ਨਾਲ ਲੱਗਦੇ ਗਾਜ਼ਾ ਦੀ ਸਰਹੱਦ ’ਤੇ ਹਨ। ਮਸਜਿਦਾਂ ਦੇ ਹੇਠਾਂ ਸੁਰੰਗਾਂ ਹਨ, ਜੋ ਕੋਰੀਡੋਰ ਦੇ ਪਾਰ ਮਿਸਰ ਵਿੱਚ ਖੁੱਲ੍ਹਦੀਆਂ ਹਨ। ਇਸ ਕਾਰਨ ਸਿਨਵਾਰ ਅਤੇ ਹਮਾਸ ਦੇ ਕਈ ਹੋਰ ਸੀਨੀਅਰ ਨੇਤਾ ਮਿਸਰ ਭੱਜ ਸਕਦੇ ਹਨ।

ਸੰਯੁਕਤ ਰਾਸ਼ਟਰ ਨੇ ਧਾਰਾ 99 ਦੀ ਕੀਤੀ ਵਰਤੋਂ

ਗਾਜ਼ਾ ’ਚ ਫਿਲਸਤੀਨੀ ਨਾਗਰਿਕਾਂ ਨੂੰ ਬਚਾਉਣ ਲਈ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟਾਰੇਸ ਨੇ ਇਕ ਵਧੀਆ ਕਦਮ ਉਠਾਉਂਦਿਆਂ ਸੰਯੁਕਤ ਰਾਸ਼ਟਰ ਚਾਰਟਰ ਦੀ ਧਾਰਾ 99 ਦੀ ਵਰਤੋਂ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਕੱਤਰ ਜਨਰਲ ਯੂ. ਐੱਨ. ਐੱਸ. ਸੀ. ਉਨ੍ਹਾਂ ਮਾਮਲਿਆਂ ਬਾਰੇ ਸੂਚਿਤ ਕਰ ਸਕਦੇ ਹਨ, ਜਿਨ੍ਹਾਂ ਨੂੰ ਉਹ ਅੰਤਰਰਾਸ਼ਟਰੀ ਸ਼ਾਂਤੀ ਅਤੇ ਸੁਰੱਖਿਆ ਲਈ ਖਤਰਾ ਮੰਨਦੇ ਹਨ। ਦੂਜੇ ਪਾਸੇ ਗੁਟਾਰੇਸ ਦੀ ਤਿੱਖੀ ਆਲੋਚਨਾ ਕਰਦੇ ਹੋਏ ਇਜ਼ਰਾਈਲ ਨੇ ਕਿਹਾ ਕਿ ਉਨ੍ਹਾਂ ਦਾ ਕਾਰਜਕਾਲ ਵਿਸ਼ਵ ਸ਼ਾਂਤੀ ਲਈ ਖਤਰਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News