ਓਮਾਨ ਵਿੱਚ ਮਸਜਿਦ ਵਿੱਚ ਗੋਲੀਬਾਰੀ ਵਿੱਚ ਮਾਰੇ ਗਏ 6 ਲੋਕਾਂ ''ਚ ਇੱਕ ਭਾਰਤੀ ਵੀ ਸ਼ਾਮਲ
Wednesday, Jul 17, 2024 - 01:42 PM (IST)
ਦੁਬਈ/ਮਸਕਟ, (ਭਾਸ਼ਾ) ਓਮਾਨ ਦੀ ਰਾਜਧਾਨੀ ਮਸਕਟ ਵਿਚ ਇਕ ਸ਼ੀਆ ਮਸਜਿਦ ਨੇੜੇ ਇਸਲਾਮਿਕ ਸਟੇਟ ਅੱਤਵਾਦੀ ਸਮੂਹ ਵਲੋਂ ਕੀਤੀ ਗਈ ਗੋਲੀਬਾਰੀ ਵਿਚ ਮਾਰੇ ਗਏ 6 ਲੋਕਾਂ ਵਿਚ ਇਕ ਭਾਰਤੀ ਨਾਗਰਿਕ ਵੀ ਸ਼ਾਮਲ ਹੈ। ਇਮਾਮ ਅਲੀ ਮਸਜਿਦ ਨੇੜੇ ਸੋਮਵਾਰ ਰਾਤ ਨੂੰ ਹੋਈ ਗੋਲੀਬਾਰੀ 'ਚ ਇਕ ਪੁਲਸ ਮੁਲਾਜ਼ਮ ਅਤੇ ਚਾਰ ਪਾਕਿਸਤਾਨੀ ਨਾਗਰਿਕਾਂ ਦੀ ਵੀ ਮੌਤ ਹੋ ਗਈ ਜਦਕਿ 28 ਹੋਰ ਜ਼ਖਮੀ ਹੋ ਗਏ।
ਮਸਕਟ ਸਥਿਤ ਭਾਰਤੀ ਦੂਤਾਵਾਸ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਕ ਪੋਸਟ ਕੀਤਾ ਹੈ, ''ਮਸਕਟ ਸ਼ਹਿਰ 'ਚ 15 ਜੁਲਾਈ ਨੂੰ ਗੋਲੀਬਾਰੀ ਦੇ ਘਟਨਾ ਦੇ ਬਾਅਦ ਓਮਾਨ ਸਲਤਨਤ ਨੇ ਵਿਦੇਸ਼ ਮੰਤਰਾਲਾ ਨੂੰ ਸੂਚਨਾ ਦਿੱਤੀ ਹੈ ਕਿ ਇਕ ਭਾਰਤੀ ਨਾਗਰਿਕ ਨੇ ਜਾਨ ਗੁਆਈ ਹੈ ਤੇ ਇਕ ਹੋਰ ਜ਼ਖਮੀ ਹੈ। ਇਸ 'ਚ ਕਿਹਾ ਗਿਆ ਹੈ ਕਿ ਦੂਤਘਰ ਪੀੜਤ ਪਰਿਵਾਰ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹੈ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।''
ਇਕ ਬਿਆਨ ਮੁਤਾਬਕ , ਇਹ ਹਮਲਾ ਸੋਮਵਾਰ ਰਾਤ ਨੂੰ ਅਲ-ਵਾਦੀ ਅਲ-ਕਬੀਰ ਇਲਾਕੇ 'ਚ ਹੋਇਆ, ਇਸ ਘਟਨਾ ਦੌਰਾਨ ਸੁਰੱਖਿਆ ਬਲਾਂ ਨੇ ਤਿੰਨ ਹਮਲਾਵਰਾਂ ਨੂੰ ਵੀ ਮਾਰ ਦਿੱਤਾ। ਪਾਕਿਸਤਾਨ ਨੇ ਕਿਹਾ ਕਿ ਇਮਾਮ ਅਲੀ ਮਸਜਿਦ 'ਤੇ 'ਅੱਤਵਾਦੀ ਹਮਲੇ' ਵਿਚ ਮਾਰੇ ਗਏ ਲੋਕਾਂ ਵਿਚ ਚਾਰ ਪਾਕਿਸਤਾਨੀ ਵੀ ਸ਼ਾਮਲ ਹਨ। ਭਾਰਤ ਨੇ ਇਹ ਵੀ ਕਿਹਾ ਹੈ ਕਿ ਹਮਲੇ ਵਿੱਚ ਉਸਦੇ ਇੱਕ ਨਾਗਰਿਕ ਦੀ ਮੌਤ ਹੋ ਗਈ ਹੈ। ਅੱਤਵਾਦੀ ਸਮੂਹ ਇਸਲਾਮਿਕ ਸਟੇਟ ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸਲਾਮਿਕ ਸਟੇਟ ਨੇ ਇਰਾਕ, ਅਫਗਾਨਿਸਤਾਨ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਵਿਚ ਸ਼ੀਆ ਇਕੱਠਾਂ, ਜਲੂਸਾਂ ਅਤੇ ਪੈਰੋਕਾਰਾਂ 'ਤੇ ਵਾਰ-ਵਾਰ ਹਮਲੇ ਕੀਤੇ ਹਨ। ਪਰ ਉਸਨੇ ਓਮਾਨ ਵਿੱਚ ਅਜਿਹਾ ਹਮਲਾ ਕਦੇ ਨਹੀਂ ਕੀਤਾ ਸੀ ਜਿੱਥੇ ਸ਼ੀਆ ਘੱਟ ਗਿਣਤੀ ਭਾਈਚਾਰਾ ਹੈ।