ਆਸਟ੍ਰੇਲੀਆ : ਅਮ੍ਰਿਤਪਾਲ ਸਿੰਘ ਬਣੇ ਨੇਵੀ 'ਚ ਪਹਿਲੇ ਸਿੱਖ ਦਸਤਾਰਧਾਰੀ ਅਫਸਰ
Thursday, Jun 06, 2019 - 12:25 PM (IST)
ਸਿਡਨੀ— ਲੁਧਿਆਣਾ ਦੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੋਨਿਕ ਇੰਜੀਨੀਅਰਿੰਗ 'ਚ ਗ੍ਰੈਜੂਏਸ਼ਨ ਕਰਨ ਵਾਲੇ ਅਮ੍ਰਿਤਪਾਲ ਸਿੰਘ ਇਸ ਸਮੇਂ 'ਰੋਇਲ ਆਸਟ੍ਰੇਲੀਅਨ ਨੇਵੀ' 'ਚ ਨੌਕਰੀ ਕਰ ਰਹੇ ਹਨ। ਉਨ੍ਹਾਂ ਨੂੰ ਨੇਵੀ 'ਚ ਪਹਿਲੇ ਸਿੱਖ ਦਸਤਾਰਧਾਰੀ ਅਫਸਰ ਹੋਣ ਦਾ ਮਾਣ ਮਿਲਿਆ ਹੈ। 'ਐਨਜ਼ੈਕ ਡੇਅ ਪਰੇਡ' 'ਚ ਉਨ੍ਹਾਂ ਨੇ ਸ਼ਮੂਲੀਅਤ ਕੀਤੀ ਤੇ ਇਤਿਹਾਸ ਸਿਰਜਿਆ। ਉਨ੍ਹਾਂ ਨੂੰ ਪਹਿਲੇ ਸਿੱਖ ਦਸਤਾਰਧਾਰੀ ਨੇਵੀ ਅਧਿਕਾਰੀ ਹੋਣ ਦਾ ਮਾਣ ਜਨਵਰੀ ਮਹੀਨੇ ਮਿਲਿਆ।
ਉਹ 'ਐਸਪੇਰੈਂਸ ਵਲੰਟੀਅਰ ਮੈਰੀਨ ਰੈਸਕਿਊ ਸਰਵਿਸ' ਅਤੇ ਐੱਸ. ਈ. ਐੱਸ. 'ਚ ਹਿੱਸਾ ਲੈ ਚੁੱਕੇ ਹਨ। ਉਹ ਸਮੁੰਦਰ ਦੀਆਂ ਲਹਿਰਾਂ 'ਚ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਿੱਖ ਹੋਣ ਦਾ ਮਤਲਬ ਇਕ ਸੰਤ ਤੇ ਸਿਪਾਹੀ ਹੋਣਾ ਹੁੰਦਾ ਹੈ। ਜਿਸ ਦਾ ਅਰਥ ਹੈ ਕਿ ਤੁਹਾਨੂੰ ਆਤਮਿਕ ਤੌਰ 'ਤੇ ਸੰਤਾਂ ਵਾਂਗ ਰਹਿਣਾ ਚਾਹੀਦਾ ਹੈ ਤੇ ਬਹਾਦਰੀ ਇਕ ਸਿਪਾਹੀ ਵਾਂਗ ਰੱਖਣੀ ਚਾਹੀਦੀ ਹੈ।
ਉਨ੍ਹਾਂ ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਦੱਸਿਆ,'' ਜਦ ਮੈਨੂੰ 'ਐਨਜ਼ੇਕ ਡੇਅ ਸਰਵਿਸ' 'ਚ ਹਿੱਸਾ ਲੈਣ ਦਾ ਮੌਕਾ ਮਿਲਿਆ ਤਾਂ ਇਹ ਮੇਰੇ ਲਈ ਬਹੁਤ ਖਾਸ ਪਲ ਸੀ। ਮੈਂ ਦਸਤਾਰ ਸਜਾ ਕੇ ਆਪਣੇ ਧਰਮ ਅਤੇ ਸੱਭਿਆਚਾਰ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਹੈ।'' ਉਨ੍ਹਾਂ ਕਿਹਾ ਕਿ ਇਸ ਸਮੇਂ ਉਹ ਟਰੇਨਿੰਗ ਦੇਣ ਅਤੇ ਡਰਿੱਲ ਕਰਵਾਉਣ ਦੀ ਨੌਕਰੀ ਕਰ ਰਹੇ ਹਨ ਤੇ ਹੌਲੀ-ਹੌਲੀ ਸਫਲਤਾ ਦੀਆਂ ਹੋਰ ਪੌੜੀਆਂ ਨੂੰ ਚੜ੍ਹਦੇ ਜਾਣਗੇ।