9/11 ਤੋਂ ਬਾਅਦ ਅਮਰੀਕਨ ਸਿੱਖ ਅਜੇ ਵੀ ਨਫ਼ਰਤ ਦੇ ਸ਼ਿਕਾਰ : ਸਤਨਾਮ ਸਿੰਘ ਚਾਹਲ
Friday, Sep 10, 2021 - 11:37 AM (IST)
ਨਿਊਯਾਰਕ (ਰਾਜ ਗੋਗਨਾ): ਅਮਰੀਕਾ ਵਿੱਚ 9/11 ਤੋਂ ਬਾਅਦ ਵੀ ਸਿੱਖ ਨਫ਼ਰਤੀ ਅਪਰਾਧਾਂ ਦਾ ਅਜੇ ਤੱਕ ਅਮਰੀਕਾ ਦੇ ਕਿਸੇ ਨਾ ਕਿਸੇ ਕੋਨੇ ਵਿਚ ਸ਼ਿਕਾਰ ਹੋ ਰਹੇ ਹਨ। ਕੁਝ ਨਫ਼ਰਤੀ ਅਪਰਾਧਾਂ ਦੀ ਗਿਣਤੀ ਮਿਣਤੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐਫਬੀਆਈ) ਦੇ ਰਿਕਾਰਡ ਵਿੱਚ ਹੈ ਅਤੇ ਜ਼ਮੀਨੀ ਪੱਧਰ 'ਤੇ ਵਾਪਰ ਰਹੀਆਂ ਨਫ਼ਰਤੀ ਘਟਨਾਵਾਂ ਬਗੈਰ ਰਿਪੋਰਟ ਕੀਤੇ ਕੇਸਾਂ ਵੱਲ ਕਿਸੇ ਦਾ ਧਿਆਨ ਨਹੀਂ ਜਾ ਰਿਹਾ ਕਿਉਂਕਿ ਜ਼ਿਆਦਾਤਰ ਪੀੜ੍ਹਤ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਤੋਂ ਬੱਚਣ ਲਈ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਆਪਣਾ ਕੇਸ ਦਰਜ ਨਾ ਕਰਨ ਦੀ ਚੋਣ ਕਰਨ ਤੋਂ ਗੁਰੇਜ ਕਰਦੇ ਹਨ।
ਇਹ ਖੁਲਾਸਾ ਅੱਜ ਇੱਥੇ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿੱਚ ਸਤਨਾਮ ਸਿੰਘ ਚਾਹਲ ਕਾਰਜਕਾਰੀ ਨਿਰਦੇਸ਼ਕ ਨੌਰਥ ਅਮਰੀਕਾ ਪੰਜਾਬੀ ਐਸੋਸੀਏਸ਼ਨ (ਨਾਪਾ) ਨੇ ਕੀਤਾ।ਸ: ਚਾਹਲ ਨੇ ਕਿਹਾ ਕਿ ਇਹ ਬਹੁਤ ਮੰਦਭਾਗਾ ਹੈ ਕਿ ਸਾਡੀ ਪਛਾਣ ਦੇ ਸੰਕਟ ਕਾਰਨ ਵੀ ਅਜਿਹਾ ਹੋ ਰਿਹਾ ਹੈ ਪਰ ਸਾਡੇ ਭਾਈਚਾਰੇ ਦੇ ਨੇਤਾ ਇਕ ਦੂਜੇ ਨਾਲ ਲੜਾਈ-ਝਗੜੇ ਵਿਚ ਇੰਨੇ ਰੁੱਝੇ ਹੋਏ ਹਨ ਕਿ ਉਨ੍ਹਾਂ ਕੋਲ ਇਸ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੀ ਰੋਜ਼ਾਨਾ ਜ਼ਿੰਦਗੀ ਵਿਚ ਕਈ ਵਾਰ ਮੈਂ ਆਪ ਖੁਦ ਵੀ ਨਫ਼ਰਤੀ ਅਪਰਾਧ ਦਾ ਸ਼ਿਕਾਰ ਵੀ ਹੁੰਦਾ ਹਾਂ ਪਰ ਮੈਂ ਹਮੇਸ਼ਾ ਇਸ ਉਮੀਦ ਨਾਲ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕੋਲ ਕੇਸ ਰਜਿਸਟਰ ਨਾ ਕਰਨਾ ਪਸੰਦ ਕਰਦਾ ਹਾਂ ਕਿ ਕਦੇ ਨਾ ਕਦੇ ਚੰਗੇ ਦਿਨ ਆਉਣਗੇ।
ਪੜ੍ਹੋ ਇਹ ਅਹਿਮ ਖਬਰ - 9/11 ਕੈਂਡਲ ਲਾਇਟ ਵਿਜਲ (ਪ੍ਰਾਰਥਨਾ) ਹਿੱਕਸਵਿੱਲ ਗਾਰਡਨ ਨਿਊਯਾਰਕ 'ਚ 11 ਸਤੰਬਰ ਨੂੰ
ਚਾਹਲ ਨੇ ਅੱਗੇ ਕਿਹਾ ਕਿ ਸਕੂਲ ਜਾਣ ਵਾਲੇ ਬੱਚਿਆਂ ਦੇ ਮਾਪੇ ਵੀ ਅਜਿਹੀ ਕਿਸ਼ਤੀ ਵਿੱਚ ਸਵਾਰ ਹਨ ਪਰ ਉਹ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਵਾਪਰਨ ਨਫ਼ਰਤੀ ਅਪਰਾਧ ਬਾਰੇ ਦੱਸਣ ਲਈ ਵੀ ਤਿਆਰ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ 'ਤੇ ਅਮਰੀਕਾ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਕਮਿਊਨਿਟੀ ਦੇ ਮੈਂਬਰਾਂ/ਕਾਰੋਬਾਰੀ ਵਿਅਕਤੀਆਂ 'ਤੇ ਹਮਲੇ ਹੁੰਦੇ ਰਹਿੰਦੇ ਹਨ। ਇਸ ਲਈ ਸਿੱਖ ਕੌਮ ਦੇ ਮੈਂਬਰ ਡਰ ਅਤੇ ਅਸੁਰੱਖਿਆ ਦੇ ਪਰਛਾਵੇਂ ਹੇਠ ਰਹਿ ਰਹੇ ਹਨ।ਸ: ਚਾਹਲ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਨਾਲ ਸਬੰਧਤ ਸਿਮਰਤਪਾਲ ਸਿੰਘ ਵਜੋਂ ਪਛਾਣੇ ਗਏ ਇਕ ਸਿੱਖ ਮੁੰਡੇ ਦੀ 3 ਮਈ 2019 ਨੂੰ ਲਾ ਪਾਜ਼ ਕਾਊਂਟੀ ਜੇਲ੍ਹ ਵਿਚ ਯੂਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ) ਦੀ ਹਿਰਾਸਤ ਵਿਚ ਮੌਤ ਹੋ ਗਈ ਸੀ ਪਰ ਕਿਸੇ ਵੀ ਸਿੱਖ ਸੰਗਠਨ ਨੇ ਨਾਪਾ ਤੋਂ ਇਲਾਵਾ ਆਪਣੇ ਸੀਮਤ ਸਰੋਤਾਂ ਨਾਲ ਉਸਦੇ ਕੇਸ ਦੀ ਪੈਰਵਾਈ ਨਹੀਂ ਕੀਤੀ ਤਾਂ ਕਿ ਉਸ ਦੀ ਮੌਤ ਦੇ ਸਹੀ ਮੂਲ ਕਾਰਨਾਂ ਨੂੰ ਜਾਣਿਆ ਜਾ ਸਕੇ ।ਚਾਹਲ ਨੇ ਅਮਰੀਕਾ ਦੀਆਂ ਸਿੱਖ ਸੰਸਥਾਵਾਂ ਅਤੇ ਸਾਰੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਨੂੰ ਅਪੀਲ ਕੀਤੀ ਕਿ ਉਹ ਸਿੱਖ ਭਾਈਚਾਰੇ ਦੇ ਮੈਂਬਰਾਂ ਦੇ ਹੋਰ ਨੁਕਸਾਨ ਤੋਂ ਬੱਚਣ ਲਈ ਸਾਡੇ ਗੁਰੂਆਂ ਦੀ ਵਿਚਾਰਧਾਰਾ ਨੂੰ ਫੈਲਾਉਣ ਲਈ ਹਾਂ ਪੱਖੀ ਨਤੀਜੇ ਲਿਆਉਣ ਲਈ ਮੁਹਿੰਮ ਸ਼ੁਰੂ ਕਰਨ।