26/11 ਹਮਲੇ ਦੇ ਦੋਸ਼ੀ ਰਾਣਾ ਦੀ ਜਲਦੀ ਹੋਵੇਗੀ ਭਾਰਤ ਨੂੰ ਹਵਾਲਗੀ

Monday, Jan 14, 2019 - 12:42 PM (IST)

ਵਾਸ਼ਿੰਗਟਨ (ਭਾਸ਼ਾ)— ਮੁੰਬਈ 26/11 ਹਮਲੇ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਅਮਰੀਕਾ ਵਿਚ 14 ਸਾਲ ਦੀ ਸਜਾ ਕੱਟ ਰਹੇ ਤਹੱਵੁਰ ਰਾਣਾ ਨੂੰ ਭਾਰਤ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ। ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ। ਭਾਰਤ ਸਰਕਾਰ ਟਰੰਪ ਪ੍ਰਸ਼ਾਸਨ ਦੇ ਪੂਰੇ ਸਹਿਯੋਗ ਨਾਲ ਪਾਕਿਸਤਾਨੀ-ਕੈਨੇਡੀਅਨ ਨਾਗਰਿਕ ਦੀ ਹਵਾਲਗੀ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੀ ਹੈ। ਰਾਣਾ ਦੀ ਜੇਲ ਦੀ ਸਜ਼ਾ ਦਸੰਬਰ 2021 ਵਿਚ ਪੂਰੀ ਹੋਵੇਗੀ। ਸਾਲ 2008 ਵਿਚ ਮੁੰਬਈ ਵਿਚ ਹਮਲੇ ਦੀ ਸਾਜਿਸ਼ ਰਚਣ ਦੇ ਮਾਮਲੇ ਵਿਚ ਰਾਣਾ ਨੂੰ ਸਾਲ 2009 ਵਿਚ ਗ੍ਰਿਫਤਾਰ ਕੀਤਾ ਗਿਆ ਸੀ। 

ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਦੇ 10 ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ ਵਿਚ ਅਮਰੀਕੀ ਨਾਗਰਿਕਾਂ ਸਮੇਤ ਕਰੀਬ 166 ਲੋਕਾਂ ਦੀ ਜਾਨ ਗਈ ਸੀ। ਪੁਲਸ ਨੇ 9 ਅੱਤਵਾਦੀਆਂ ਨੂੰ ਮੌਕੇ 'ਤੇ ਢੇਰ ਕਰ ਦਿੱਤਾ ਸੀ ਅਤੇ ਜਿਉਂਦੇ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਅਜ਼ਮਲ ਕਸਾਬ ਨੂੰ ਬਾਅਦ ਵਿਚ ਫਾਂਸੀ ਦਿੱਤੀ ਗਈ ਸੀ। ਰਾਣਾ ਨੂੰ ਸਾਲ 2013 ਵਿਚ 14 ਸਾਲ ਦੀ ਸਜ਼ਾ ਸੁਣਾਈ ਗਈ ਸੀ। ਅਮਰੀਕੀ ਅਧਿਕਾਰੀਆਂ ਮੁਤਾਬਕ ਉਸ ਨੂੰ ਦਸੰਬਰ 2021 ਵਿਚ ਰਿਹਾਅ ਕੀਤਾ ਜਾਵੇਗਾ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਇਕ ਸੂਤਰ ਨੇ ਸਮਾਚਾਰ ਏਜੰਸੀ ਨੂੰ ਦੱਸਿਆ,''ਇੱਥੇ ਸਜ਼ਾ ਪੂਰੀ ਹੋਣ ਮਗਰੋਂ ਰਾਣਾ ਨੂੰ ਭਾਰਤ ਭੇਜੇ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਦੌਰਾਨ ਜ਼ਰੂਰੀ ਕਾਗਜ਼ੀ ਕਾਰਵਾਈ ਅਤੇ ਜਟਿਲ ਪ੍ਰਕਿਕਿਆ ਪੂਰੀ ਕਰਨੀ ਇਕ ਵੱਡੀ ਚੁਣੌਤੀ ਹੈ।'' 

ਭਾਰਤ ਦੇ ਵਿਦੇਸ਼ ਮੰਤਰਾਲੇ, ਗ੍ਰਹਿ ਮੰਤਰਾਲੇ ਤੇ ਕਾਨੂੰਨ ਮੰਤਰਾਲੇ ਅਤੇ ਅਮਰੀਕੀ ਵਿਦੇਸ਼ ਮੰਤਰਾਲੇ ਤੇ ਨਿਆਂ ਮੰਤਰਾਲੇ ਸਾਰਿਆਂ ਦੀ ਆਪਣੀ ਹਵਾਲਗੀ ਪ੍ਰਕਿਰਿਆ ਹੈ। ਉਸ ਨੇ ਦੱਸਿਆ ਕਿ ਜਦੋਂ ਹਵਾਲਗੀ ਦੀ ਗੱਲ ਆਉਂਦੀ ਹੈ ਤਾਂ ਉਹ ਆਪਣੀ ਪ੍ਰਕਿਰਿਆ ਨੂੰ ਨਾ ਹੌਲੀ ਕਰਨਾ ਚਾਹੁੰਦੇ ਹਨ ਅਤੇ ਨਾ ਹੀ ਤੇਜ਼। ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਪ੍ਰਕਿਰਿਆ ਦੀ ਸਮੇਂ ਸੀਮਾ ਅਤੇ ਨੌਕਰਸ਼ਾਹੀ ਸਬੰਧੀ ਰਸਮਾਂ ਨੂੰ ਘੱਟ ਕਰਨ ਲਈ ਆਪਣੇ ਅਮਰੀਕੀ ਹਮਰੁਤਬਾ ਨਾਲ ਸਿੱਧਾ ਸੰਪਰਕ ਕਰ ਸਕਦੀ ਹੈ। ਅਮਰੀਕੀ ਅਧਿਕਾਰੀਆਂ ਮੁਤਾਬਕ ਰਾਣਾ ਦੀ ਹਵਾਲਗੀ ਦੋਹਾਂ ਦੇਸ਼ਾਂ ਵਿਚਕਾਰ ਰਿਸ਼ਤੇ ਮਜ਼ਬੂਤ ਕਰੇਗੀ, ਅੱਤਵਾਦ ਵਿਰੋਧੀ ਸਹਿਯੋਗ ਨੂੰ ਵਧਾਵਾ ਮਿਲੇਗਾ ਅਤ ਭਾਰਤੀਆਂ ਵਿਚ ਅਮਰੀਕਾ ਦਾ ਅਕਸ ਹੋਰ ਬਿਹਤਰ ਬਣੇਗਾ। 

ਟਰੰਪ ਪ੍ਰਸ਼ਾਸਨ ਨੇ ਨਵਬੰਰ 2018 ਨੂੰ 26/11 ਦੀ 10ਵੀਂ ਬਰਸੀ 'ਤੇ ਹਮਲੇ ਵਿਚ ਸ਼ਾਮਲ ਲੋਕਾਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਦਾ ਆਪਣਾ ਸੰਕਲਪ ਦੁਹਰਾਇਆ ਸੀ। ਅਮਰੀਕੀ ਉਪ ਰਾਸ਼ਟਰਪਤੀ ਮਾਈਕ ਪੇਨਸ ਨੇ ਨਵੰਬਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਾਰਤਾ ਦੌਰਾਨ ਵੀ ਇਸ ਮਾਮਲੇ ਨੂੰ ਚੁੱਕਿਆ ਸੀ। ਅਮਰੀਕਾ ਵਿਚ ਅੰਸ਼ਕ ਰੂਪ ਨਾਲ ਠੱਪ ਪਏ ਸਰਕਾਰੀ ਕੰਮਕਾਜ ਦਾ ਹਵਾਲਾ ਦਿੰਦੇ ਹੋਏ ਵਿਦੇਸ਼ ਮੰਤਰਾਲੇ ਅਤੇ ਨਿਆਂ ਮੰਤਰਾਲੇ ਨੇ ਰਾਣਾ ਦੀ ਹਵਾਲਗੀ ਦੇ ਸਵਾਲ 'ਤੇ ਪ੍ਰਤਿਕਿਰਿਆ ਦੇਣ ਵਿਚ ਆਪਣੀ ਅਸਮਰੱਥਾ ਜ਼ਾਹਰ ਕੀਤੀ। ਭਾਰਤੀ ਦੂਤਘਰ ਅਤੇ ਰਾਣਾ ਦੇ ਵਕੀਲ ਨੇ ਹਾਲਾਂਕਿ ਇਸ ਮਾਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ।


Vandana

Content Editor

Related News