ਅਮਰੀਕਾ ਨੇ ‘ਉੱਡਣ ਤਸ਼ਤਰੀ’ ਨਾਲ ਜੁੜੀਆਂ ਪਹਿਲੀਆਂ ਫ਼ਾਈਲਾਂ ਕੀਤੀਆਂ ਜਾਰੀ

Saturday, May 09, 2026 - 02:53 AM (IST)

ਅਮਰੀਕਾ ਨੇ ‘ਉੱਡਣ ਤਸ਼ਤਰੀ’ ਨਾਲ ਜੁੜੀਆਂ ਪਹਿਲੀਆਂ ਫ਼ਾਈਲਾਂ ਕੀਤੀਆਂ ਜਾਰੀ

ਵਾਸ਼ਿੰਗਟਨ : ਅਮਰੀਕਾ ਵਿਚ ਸ਼ੁੱਕਰਵਾਰ ਨੂੰ ਲੰਬੇ ਸਮੇਂ ਤੋਂ ਚਰਚਾ ਵਿਚ ਰਹੀਆਂ ਉੱਡਣ ਤਸ਼ਤਰੀਆਂ (ਯੂ. ਐੱਫ. ਓ.) ਦੀਆਂ ਫ਼ਾਈਲਾਂ ਦੀ ਪਹਿਲੀ ਖੇਪ ਜਾਰੀ ਕਰ ਦਿੱਤੀ ਗਈ। ਟਰੰਪ ਪ੍ਰਸ਼ਾਸਨ ਨੇ ਸੈਂਕੜੇ ਨਵੇਂ ਵੀਡੀਓ, ਫ਼ੋਟੋਆਂ ਅਤੇ ਪੁਰਾਣੇ ਸਰਕਾਰੀ ਰਿਕਾਰਡ ਜਨਤਕ ਕੀਤੇ ਹਨ। ਇਨ੍ਹਾਂ ਫ਼ਾਈਲਾਂ ’ਚ ਸਭ ਤੋਂ ਵੱਧ ਚਰਚਾ ਨਾਸਾ ਦੇ ਅਪੋਲੋ ਮਿਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਪੁਲਾੜ ਯਾਤਰੀਆਂ ਦੀ ਗੱਲਬਾਤ ਨੂੰ ਲੈ ਕੇ ਹੋ ਰਹੀ ਹੈ।

ਜਾਰੀ ਕੀਤੇ ਗਏ ਦਸਤਾਵੇਜ਼ਾਂ ਵਿਚ ਨਾਸਾ ਦੇ ਅਪੋਲੋ 12 ਅਤੇ ਅਪੋਲੋ 17 ਮਿਸ਼ਨ ਨਾਲ ਜੁੜੀਆਂ ਤਸਵੀਰਾਂ ਅਤੇ ਗੱਲਬਾਤ ਦੇ ਰਿਕਾਰਡ ਵੀ ਸ਼ਾਮਲ ਹਨ। ਇਕ ਤਸਵੀਰ ਵਿਚ ਚੰਦਰਮਾ ਦੀ ਸਤਹ ਉੱਪਰ ਆਸਮਾਨ ’ਚ 3 ਰਹੱਸਮਈ ਬਿੰਦੂ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਹੈ। ਸਭ ਤੋਂ ਦਿਲਚਸਪ ਹਿੱਸਾ ਅਪੋਲੋ-17 ਮਿਸ਼ਨ ਦਾ ਟ੍ਰਾਂਸਕ੍ਰਿਪਟ (ਲਿਖਤੀ ਗੱਲਬਾਤ) ਮੰਨਿਆ ਜਾ ਰਿਹਾ ਹੈ। ਇਸ ਵਿਚ ਪੁਲਾੜ ਯਾਤਰੀ ਉਡਾਣ ਦੌਰਾਨ ਪੁਲਾੜ ਯਾਨ ਕੋਲ ਚਮਕਦੀਆਂ ਚੀਜ਼ਾਂ ਦਿਖਾਈ ਦੇਣ ਦੀ ਗੱਲ ਕਰਦੇ ਸੁਣਾਈ ਦੇ ਰਹੇ ਹਨ।

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੁਝ ਮਹੀਨੇ ਪਹਿਲਾਂ ਰੱਖਿਆ ਮੰਤਰੀ ਪੀਟ ਹੇਗਸੇਥ ਨੂੰ ਉੱਡਣ ਤਸ਼ਤਰੀਆਂ ਅਤੇ ਕਥਿਤ ਏਲੀਅਨ ਗਤੀਵਿਧੀਆਂ ਨਾਲ ਜੁੜੇ ਰਿਕਾਰਡ ਜਾਰੀ ਕਰਨ ਦਾ ਆਦੇਸ਼ ਦਿੱਤਾ ਸੀ। ਇਨ੍ਹਾਂ ਫ਼ਾਈਲਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉੱਡਣ ਤਸ਼ਤਰੀਆਂ ਅਤੇ ਏਲੀਅਨ ਜੀਵਨ ਨੂੰ ਲੈ ਕੇ ਬਹਿਸ ਤੇਜ਼ ਹੋ ਗਈ ਹੈ।
 


author

Inder Prajapati

Content Editor

Related News