ਇਸ ਉਤਪਾਦ ''ਤੇ 200% ਟੈਰਿਫ ਲਾਉਣ ਦੀ ਤਿਆਰੀ ’ਚ ਅਮਰੀਕਾ, ਕੀਮਤਾਂ ’ਚ ਵਾਧਾ ਅਤੇ ਸਪਲਾਈ ਘੱਟ ਹੋਣ ਦਾ ਖ਼ਤਰਾ

Wednesday, Sep 03, 2025 - 10:53 AM (IST)

ਇਸ ਉਤਪਾਦ ''ਤੇ 200% ਟੈਰਿਫ ਲਾਉਣ ਦੀ ਤਿਆਰੀ ’ਚ ਅਮਰੀਕਾ, ਕੀਮਤਾਂ ’ਚ ਵਾਧਾ ਅਤੇ ਸਪਲਾਈ ਘੱਟ ਹੋਣ ਦਾ ਖ਼ਤਰਾ

ਵਾਸ਼ਿੰਗਟਨ (ਇੰਟ.) - ਭਾਰਤ ਤੇ ਅਮਰੀਕਾ ’ਚ ਟਰੰਪ ਟੈਰਿਫ ਨੂੰ ਲੈ ਕੇ ਤਣਾਅ ਵੱਧਦਾ ਹੀ ਜਾ ਰਿਹਾ ਹੈ। ਭਾਰਤ ਜਿੱਥੇ ਟਰੰਪ ਟੈਰਿਫ ਤੋਂ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਬਦਲ ਲੱਭਣ ’ਚ ਜੁਟਿਆ ਹੋਇਆ ਹੈ, ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਵਾਈ ਕੰਪਨੀਆਂ ’ਤੇ 200 ਫੀਸਦੀ ਟੈਰਿਫ ਲਾਉਣ ਦੀ ਯੋਜਨਾ ਤਿਆਰ ਕਰ ਰਹੇ ਹਨ। ਇਕ ਰਿਪੋਰਟ ’ਚ ਕਿਹਾ ਗਿਆ ਹੈ ਕਿ ਟਰੰਪ ਦੇ ਇਸ ਕਦਮ ਨਾਲ ਅਮਰੀਕਾ ਵਿਚ ਦਵਾਈਆਂ ਦੀਆਂ ਕੀਮਤਾਂ ਵਧਣ ਅਤੇ ਸਪਲਾਈ ਘੱਟ ਹੋਣ ਦਾ ਖ਼ਤਰਾ ਮੰਡਰਾਅ ਰਿਹਾ ਹੈ। ਇਸ ਤੋਂ ਪਹਿਲਾਂ ਦਹਾਕਿਆਂ ਤੋਂ ਅਮਰੀਕਾ ’ਚ ਫਾਰਮਾ ਉਤਪਾਦਾਂ ’ਤੇ ਕੋਈ ਡਿਊਟੀ ਨਹੀਂ ਲਾਈ ਜਾਂਦੀ ਸੀ ਪਰ ਹੁਣ ਟਰੰਪ ਪ੍ਰਸ਼ਾਸਨ ਨੀਤੀ ’ਚ ਵੱਡਾ ਬਦਲਾਅ ਕਰਨ ਦੀ ਤਿਆਰੀ ’ਚ ਹੈ। ਅਮਰੀਕਾ ਵਿਚ ਵਰਤੀਆਂ ਜਾਣ ਵਾਲੀਆਂ ਸਾਰੀਆਂ ਜੈਨੇਰਿਕ ਦਵਾਈਆਂ ’ਚੋਂ ਲੱਗਭਗ 47 ਫੀਸਦੀ ਭਾਰਤ ਤੋਂ ਇੰਪੋਰਟ ਕੀਤੀਆਂ ਜਾਂਦੀਆਂ ਹਨ। ਭਾਰਤੀ ਫਾਰਮਾਸਿਊਟੀਕਲ ਉਦਯੋਗ ਇਹ ਉਮੀਦ ਕਰ ਰਿਹਾ ਸੀ ਕਿ ਜੈਨੇਰਿਕ ਦਵਾਈਆਂ ’ਤੇ ਟਰੰਪ ਟੈਰਿਫ ਨਹੀਂ ਵਧਾਉਣਗੇ ਕਿਉਂਕਿ ਇਹ ਜੀਵਨ ਰੱਖਿਅਕ ਹੁੰਦੀਆਂ ਹਨ। ਅਮਰੀਕਾ ਤੋਂ ਭਾਰਤ ਲੱਗਭਗ 80 ਕਰੋੜ ਡਾਲਰ ਦੀਆਂ ਦਵਾਈਆਂ ਇੰਪੋਰਟ ਕਰਦਾ ਹੈ ਅਤੇ ਉਨ੍ਹਾਂ ’ਤੇ 10 ਫੀਸਦੀ ਡਿਊਟੀ ਲਾਉਂਦਾ ਹੈ।

ਵਿਦੇਸ਼ਾਂ ’ਤੇ ਨਿਰਭਰਤਾ ਘੱਟ ਕਰਨ ’ਚ ਲੱਗਾ ਅਮਰੀਕਾ

ਰਿਪੋਰਟ ’ਚ ਕਿਹਾ ਗਿਆ ਹੈ ਕਿ ਡੋਨਾਲਡ ਟਰੰਪ ਨੇ ਆਪਣੇ ਇਸ ਕਦਮ ਨੂੰ ਸਹੀ ਸਾਬਤ ਕਰਨ ਲਈ 1962 ਦੇ ਟਰੇਡ ਐਕਸਪੈਂਸ਼ਨ ਐਕਟ ਦੇ ਸੈਕਸ਼ਨ 232 ਦਾ ਹਵਾਲਾ ਦਿੱਤਾ ਹੈ। ਇਸ ਐਕਟ ਦੇ ਤਹਿਤ ਰਾਸ਼ਟਰੀ ਸੁਰੱਖਿਆ ਦੇ ਆਧਾਰ ’ਤੇ ਟੈਰਿਫ ਲਾਇਆ ਜਾ ਸਕਦਾ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਦਵਾਈਆਂ ਦੀ ਘਾਟ ਅਤੇ ਭੰਡਾਰਨ ਦੀਆਂ ਸਮੱਸਿਆਵਾਂ ਨੇ ਦਿਖਾਇਆ ਕਿ ਅਮਰੀਕਾ ਨੂੰ ਆਪਣੀ ਦਵਾਈ ਉਤਪਾਦਨ ਸਮਰੱਥਾ ਨੂੰ ਤੇਜ਼ੀ ਨਾਲ ਵਧਾਉਣਾ ਪਵੇਗਾ। ਟਰੰਪ ਦੇ ਇਸ ਫੈਸਲੇ ਦਾ ਮਕਸਦ ਦੇਸ਼ ਵਿਚ ਦਵਾਈਆਂ ਦੇ ਉਤਪਾਦਨ ਨੂੰ ਵਧਾਉਣਾ ਅਤੇ ਵਿਦੇਸ਼ੀ ਸਪਲਾਈ ’ਤੇ ਨਿਰਭਰਤਾ ਘਟਾਉਣਾ ਹੈ ਪਰ ਟਰੰਪ ਇਸ ਸੈਕਟਰ ’ਤੇ ਹੋਰ ਸਾਮਾਨ ’ਤੇ ਲਾਈ ਗਈ ਡਿਊਟੀ ਨਾਲੋਂ ਕਿਤੇ ਜ਼ਿਆਦਾ ਟੈਕਸ ਲਾਉਣ ਦੀ ਯੋਜਨਾ ਬਣਾ ਰਹੇ ਹਨ।

ਕੰਪਨੀਆਂ ਨੇ ਸ਼ੁਰੂ ਕੀਤਾ ਸਟਾਕ ਵਧਾਉਣਾ

ਅਮਰੀਕੀ ਸੰਸਦ ਵ੍ਹਾਈਟ ਹਾਊਸ ਨੇ ਸੰਕੇਤ ਦਿੱਤਾ ਹੈ ਕਿ ਇਸ ਟੈਰਿਫ ਨੀਤੀ ਨੂੰ ਲਾਗੂ ਕਰਨ ਤੋਂ ਪਹਿਲਾਂ ਫਾਰਮਾ ਕੰਪਨੀਆਂ ਨੂੰ ਲੱਗਭਗ 1.5 ਸਾਲ ਦਾ ਸਮਾਂ ਦਿੱਤਾ ਜਾਵੇਗਾ ਤਾਂ ਜੋ ਉਹ ਆਪਣੇ ਆਪ ਨੂੰ ਤਿਆਰ ਕਰ ਸਕਣ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਬਹੁਤ ਸਾਰੀਆਂ ਕੰਪਨੀਆਂ ਪਹਿਲਾਂ ਹੀ ਆਪਣਾ ਸਟਾਕ ਵਧਾ ਚੁੱਕੀਆਂ ਹਨ ਅਤੇ ਤੇਜ਼ੀ ਨਾਲ ਇੰਪੋਰਟ ਕਰ ਰਹੀਆਂ ਹਨ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਇੰਨੇ ਘੱਟ ਸਮੇਂ ਵਿਚ ਅਮਰੀਕਾ ਵਿਚ ਦਵਾਈਆਂ ਦੇ ਨਿਰਮਾਣ ਨੂੰ ਪੂਰੀ ਤਰ੍ਹਾਂ ਵਧਾਉਣਾ ਮੁਸ਼ਕਲ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦਵਾਈਆਂ ਦਾ ਨਿਰਮਾਣ ਇਕ ਮੁਸ਼ਕਲ ਪ੍ਰਕਿਰਿਆ ਹੈ ਅਤੇ ਇਸ ਵਿਚ ਕਈ ਸਾਲ ਲੱਗ ਸਕਦੇ ਹਨ। ਹਾਲਾਂਕਿ, ਸਿਪਲਾ ਵਰਗੀਆਂ ਕੁਝ ਭਾਰਤੀ ਫਾਰਮਾ ਕੰਪਨੀਆਂ ਨੇ ਪਹਿਲਾਂ ਹੀ ਅਮਰੀਕਾ ਵਿਚ ਆਪਣੀਆਂ ਨਿਰਮਾਣ ਇਕਾਈਆਂ ਦਾ ਵਿਸਥਾਰ ਕਰਨਾ ਸ਼ੁਰੂ ਕਰ ਦਿੱਤਾ ਹੈ।

2024 ’ਚ 76 ਹਜ਼ਾਰ ਕਰੋੜ ਦੀ ਬਰਾਮਦ

ਵਿੱਤੀ ਸਾਲ 2024 ਵਿਚ ਭਾਰਤ ਨੇ ਅਮਰੀਕਾ ਨੂੰ 8.7 ਅਰਬ ਡਾਲਰ (76,113 ਕਰੋੜ ਰੁਪਏ) ਦੇ ਫਾਰਮਾ ਉਤਪਾਦਾਂ ਦੀ ਬਰਾਮਦ ਕੀਤੀ ਹੈ। ਇਹ ਅਮਰੀਕਾ ਨੂੰ ਭਾਰਤ ਦੇ ਕੁੱਲ ਬਰਾਮਦ ਦਾ 11 ਫੀਸਦੀ ਤੋਂ ਵੱਧ ਹੈ। ਇਸੇ ਸਮੇਂ ਦੌਰਾਨ ਭਾਰਤ ਨੇ ਅਮਰੀਕਾ ਨੂੰ 77.5 ਅਰਬ ਡਾਲਰ (6.8 ਲੱਖ ਕਰੋੜ ਰੁਪਏ) ਦਾ ਸਾਮਾਨ ਬਰਾਮਦ ਕੀਤਾ ਅਤੇ ਅਮਰੀਕਾ ਤੋਂ 42.2 ਅਰਬ ਡਾਲਰ (3.7 ਲੱਖ ਕਰੋੜ ਰੁਪਏ) ਦੇ ਸਾਮਾਨ ਇੰਪੋਰਟ ਕੀਤੇ। ਨਤੀਜਾ ਇਹ ਨਿਕਲਿਆ ਕਿ ਵਪਾਰ ਸਰਪਲੱਸ ਭਾਰਤ ਦੇ ਹੱਕ ਵਿਚ 35.3 ਅਰਬ ਡਾਲਰ (3 ਲੱਖ ਕਰੋੜ ਰੁਪਏ) ਦਾ ਰਿਹਾ।

ਅਮਰੀਕਾ ਭਾਰਤ ਤੋਂ ਖਰੀਦਦਾ ਹੈ 47 ਫੀਸਦੀ ਜੈਨੇਰਿਕ ਦਵਾਈਆਂ

ਟਰੰਪ ਨੇ ਦਵਾਈ ਕੰਪਨੀਆਂ ਨੂੰ ਦਿੱਤੀ ਸਲਾਹ

ਮਾਮਲੇ ਨਾਲ ਜੁੜੇ ਮਾਹਿਰਾਂ ਦਾ ਕਹਿਣਾ ਹੈ ਕਿ ਭਾਰੀ ਟੈਰਿਫ ਨਾਲ ਦਵਾਈਆਂ ਦੇ ਸਟਾਕ ’ਚ ਵੀ ਭਾਰੀ ਕਮੀ ਆਵੇਗੀ ਅਤੇ 25 ਫੀਸਦੀ ਟੈਰਿਫ ਵੀ ਸਟਾਕ ਨੂੰ 10 ਤੋਂ 14 ਫੀਸਦੀ ਤੱਕ ਘਟਾ ਸਕਦਾ ਹੈ। ਇਸ ਦੇ ਨਾਲ ਹੀ ਟਰੰਪ ਨੇ ਅਮਰੀਕਾ ਵਿਚ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ’ਤੇ ਕੀਮਤਾਂ ਘਟਾਉਣ ਲਈ ਦਬਾਅ ਵੀ ਪਾਇਆ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਉਸ ਨੇ ਕਈ ਕੰਪਨੀਆਂ ਨੂੰ ਪੱਤਰ ਭੇਜੇ ਹਨ, ਜਿਸ ਵਿਚ ਉਨ੍ਹਾਂ ਨੂੰ ਮੋਸਟ ਫੇਵਰਡ ਨੇਸ਼ਨ (ਐੱਮ.ਐੱਫ.ਐੱਨ.) ਦੇ ਤਹਿਤ ਅਮਰੀਕਾ ਵਿਚ ਕੀਮਤਾਂ ਸ਼ੁਰੂ ਕਰਨ ਦੀ ਯੋਜਨਾ ਬਣਾਉਣ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਟੈਰਿਫ ਨੂੰ ਇਕ ਜਾਂ ਡੇਢ ਸਾਲ ਲਈ ਮੁਲਤਵੀ ਕਰ ਦੇਣਗੇ, ਜਿਸ ਨਾਲ ਕੰਪਨੀਆਂ ਨੂੰ ਦਵਾਈਆਂ ਦਾ ਸਟਾਕ ਕਰਨ ਅਤੇ ਨਿਰਮਾਣ ਅਮਰੀਕਾ ਵਿਚ ਸ਼ਿਫਟ ਕਰਨ ਦਾ ਮੌਕਾ ਮਿਲੇਗਾ।

ਦਵਾਈਆਂ ਅਤੇ ਬੀਮਾ ਹੋ ਸਕਦੇ ਹਨ ਮਹਿੰਗੇ

ਵਿੱਤੀ ਸੇਵਾ ਫਰਮ ਆਈ. ਐੱਨ. ਜੀ. ਦੇ ਸਿਹਤ ਸੰਭਾਲ ਅਰਥਸ਼ਾਸਤਰੀ ਡਿਡੇਰਿਕ ਸਟੈਂਡਿੰਗ ਨੇ ਕਿਹਾ ਕਿ ਟੈਰਿਫ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਖਪਤਕਾਰਾਂ ਨੂੰ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਮਹਿੰਗੀਆਂ ਦਵਾਈਆਂ ਖਰੀਦਣੀਆਂ ਪੈਣਗੀਆਂ। ਇਹ ਸਿੱਧੇ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਸਿੱਧੇ ਤੌਰ ’ਤੇ ਦਵਾਈਆਂ ਲਈ ਭੁਗਤਾਨ ਕਰ ਰਹੇ ਹਨ ਅਤੇ ਅਸਿੱਧੇ ਤੌਰ ’ਤੇ ਬੀਮਾ ਪ੍ਰੀਮੀਅਮ ਵਿਚ ਵਾਧਾ ਹੋ ਸਕਦਾ ਹੈ।

ਕੀ 200 ਫੀਸਦੀ ਤੋਂ ਘੱਟ ਹੋ ਸਕਦਾ ਹੈ ਟੈਰਿਫ

ਜੈਫਰੀਜ਼ ਦੇ ਵਿਸ਼ਲੇਸ਼ਕ ਡੇਵਿਡ ਵਿੰਡਲੇ ਨੇ ਹਾਲ ਹੀ ’ਚ ਇਕ ਰਿਸਰਚ ਨੋਟ ’ਚ ਕਿਹਾ ਕਿ ਜੋ ਟੈਰਿਫ 2026 ਦੀ ਦੂਜੀ ਛਿਮਾਹੀ ਤੋਂ ਪਹਿਲਾਂ ਲਾਗੂ ਨਹੀਂ ਹੋਣਗੇ, ਉਨ੍ਹਾਂ ਖੇਤਰਾਂ ’ਤੇ 2027 ਜਾਂ 2028 ਤੱਕ ਕੋਈ ਪ੍ਰਭਾਵ ਨਹੀਂ ਪਵੇਗਾ। ਕਈ ਮਾਹਿਰ ਇਹ ਵੀ ਮੰਨਦੇ ਹਨ ਕਿ ਟਰੰਪ 200 ਫੀਸਦੀ ਤੋਂ ਘੱਟ ਟੈਰਿਫ ਲਈ ਸਮਝੌਤਾ ਕਰ ਲੈਣਗੇ। ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਬਣੀਆਂ ਦਵਾਈਆਂ ’ਤੇ ਕੋਈ ਟੈਰਿਫ ਨਹੀਂ ਹੋਵੇਗਾ।

ਪੁਆਇੰਟਰ

-ਪਹਿਲਾਂ ਅਮਰੀਕਾ ’ਚ ਫਾਰਮਾ ਉਤਪਾਦਾਂ ’ਤੇ ਨਹੀਂ ਲਾਗੂ ਹੁੰਦੀ ਸੀ ਕੋਈ ਡਿਊਟੀ

-ਜੈਨੇਰਿਕ ਦਵਾਈਆਂ ਦਾ 47 ਫੀਸਦੀ ਭਾਰਤ ਤੋਂ ਇੰਪੋਰਟ ਕਰਦਾ ਹੈ ਅਮਰੀਕਾ

-ਭਾਰੀ ਟੈਰਿਫ ਕਾਰਨ ਦਵਾਈਆਂ ਦੇ ਸਟਾਕ ’ਚ ਵੀ ਹੋ ਸਕਦੀ ਹੈ ਭਾਰੀ ਕਮੀ

-ਭਾਰਤੀ ਦੇ ਲੱਗਭਗ 80 ਕਰੋੜ ਡਾਲਰ ਦਵਾਈ ਉਤਪਾਦਾਂ ’ਤੇ ਲੱਗਦੀ ਹੈ 10 ਫੀਸਦੀ ਡਿਊਟੀ


author

Harinder Kaur

Content Editor

Related News