ਗੁਆਂਢੀ ਮੁਲਕ ਤੇ ਭਾਰਤ ਉੱਤੇ ਵਾਰਤਾ ਮੁੜ ਤੋਂ ਸ਼ੁਰੂ ਕਰਨ ਦਾ ਦਬਾਅ ਪਾ ਰਿਹੈ ਅਮਰੀਕਾ

11/13/2017 4:32:32 PM

ਇਸਲਾਮਾਬਾਦ (ਭਾਸ਼ਾ)- ਅਮਰੀਕਾ ਗੁਪਤ ਤਰੀਕੇ ਨਾਲ ਭਰਤ ਅਤੇ ਪਾਕਿਸਤਾਨ ਉੱਤੇ ਫਿਰ ਤੋਂ ਗੱਲਬਾਤ ਸ਼ੁਰੂ ਕਰਨ ਲਈ ਦਬਾਅ ਪਾ ਰਿਹੈ ਹੈ ਕਿਉਂਕਿ ਡੋਨਲਡ ਟਰੰਪ ਪ੍ਰਸ਼ਾਸਨ ਇਨ੍ਹਾਂ ਪ੍ਰਮਾਣੂ ਸ਼ਕਤੀ ਸੰਪੰਨ ਗੁਆਂਢੀਆਂ ਵਿਚਾਲੇ ਤਣਾਅ ਘੱਟ ਕਰਨਾ ਚਾਹੁੰਦਾ ਹੈ। ਪਾਕਿਸਤਾਨੀ ਮੀਡੀਆ ਵਿਚ ਆਈ ਇਕ ਰਿਪੋਰਟ ਵਿਚ ਅੱਜ ਇਹ ਜਾਣਕਾਰੀ ਦਿੱਤੀ ਗਈ ਹੈ। ਦੋਹਾਂ ਦੱਖਣੀ ਏਸ਼ੀਆਈ ਵਿਰੋਧੀਆਂ ਵਿਚਾਲੇ ਰਿਸ਼ਤੇ ਆਮ ਕਰਨ ਦਾ ਅਮਰੀਕਾ ਦਾ ਮਕਸਦ ਅਫਗਾਨਿਸਤਾਨ ਮਾਮਲੇ ਉੱਤੇ ਜ਼ਿਆਦਾ ਕੇਂਦਰਿਤ ਰੁਖ ਅਪਨਾਉਣ ਦੀਆਂ ਇਸ ਦੀਆਂ ਕੋਸ਼ਿਸ਼ਾਂ ਦਾ ਹਿੱਸਾ ਹੈ। ਐਕਸਪ੍ਰੈਸ ਟ੍ਰਿਬਿਊਨ ਨੇ ਸਰਕਾਰੀ ਅਧਿਕਾਰੀਆਂ ਅਤੇ ਰਣਨੀਤਕ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਦੱਸਿਆ ਹੈ ਕਿ ਅਮਰੀਕੀ ਵਿਦੇਸ਼ ਮੰਤਰੀ ਰੈਕਸ ਟਿਲਰਸਨ ਹਾਲ ਹੀ ਵਿਚ ਜਦੋਂ ਭਾਰਤ ਅਤੇ ਪਾਕਿਸਤਾਨ ਦੇ ਦੌਰੇ ਉੱਤੇ ਸਨ, ਉਸ ਵੇਲੇ ਦੋਹਾਂ ਦੇਸ਼ਾਂ ਦੀ ਅਗਵਾਈ ਦੇ ਸਾਹਮਣੇ ਇਹ ਮੁੱਦਾ ਚੁਕਿਆ ਸੀ। ਅਖਬਾਰ ਨੇ ਕਿਹਾ ਕਿ ਟਿਲਰਸਨ ਦੇ ਦੌਰੇ ਤੋਂ ਬਾਅਦ ਲਗਦਾ ਹੈ ਕਿ ਪਰਦੇ ਪਿੱਛੇ ਚਲ ਰਹੀਆਂ ਕੋਸ਼ਿਸ਼ਾਂ ਕਾਮਯਾਬ ਹੋਣੀਆਂ ਸ਼ੁਰੂ ਹੋ ਗਈਆਂ ਹਨ ਕਿਉਂਕਿ ਵਿਵਾਦਤ ਕਸ਼ਮੀਰ ਖੇਤਰ ਵਿਚ ਕੰਟਰੋਲ ਰੇਖਾ ਨੇੜੇ ਹਾਲ ਦੇ ਦਿਨਾਂ ਵਿਚ ਹਿੰਸਾ ਹਿੰਸਾ ਵਿਚ ਕਾਫੀ ਕਮੀ ਆਈ ਹੈ। ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਵਿਚਾਲੇ ਦੋਹਾਂ ਦੇਸ਼ਾਂ ਦੀ ਸਰਹੱਦ ਉੱਤੇ ਪਿਛਲੇ ਦੋ-ਤਿੰਨ ਸਾਲ ਤੋਂ ਖੂਨੀ ਝੜਪਾਂ ਹੁੰਦੀਆਂ ਰਹੀਆਂ ਹਨ।
ਜੰਗ-ਬੰਦੀ ਦੀ ਉਲੰਘਣਾ ਅਤੇ ਆਮ ਲੋਕਾਂ ਨੂੰ ਹੋਏ ਨੁਕਸਾਨ ਦੇ ਮਾਮਲੇ ਵਿਚ ਮੌਜੂਦਾ ਸਾਲ ਬਦਤਰ ਰਿਹਾ ਹੈ। ਪਰਦੇ ਪਿਛੇ ਚਲ ਰਹੀ ਕਵਾਇਦ ਤੋਂ ਜਾਣੂ ਅਧਿਕਾਰੀਆਂ ਨੇ ਅਖਬਾਰ ਨਾਲ ਗੱਲਬਾਤ ਵਿਚ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਟਰੰਪ ਪ੍ਰਸ਼ਾਸਨ ਦੋਹਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨਾ ਚਾਹ ਰਿਹਾ ਹੈ। ਇਕ ਸੀਨੀਅਰ ਅਧਿਕਾਰੀ ਨੇ ਨਾਂ ਦਾ ਖੁਲਾਸਾ ਨਾ ਕਰਨ ਦੀ ਸ਼ਰਤ ਉੱਤੇ ਦੱਸਿਆ ਕਿ ਟਿਲਰਸਨ ਨੇ ਪਾਕਿਸਤਾਨ ਨੂੰ ਦੱਸਿਆ ਸੀ ਕਿ ਟਰੰਪ ਪ੍ਰਸ਼ਾਸਨ ਇਸਲਾਮਾਬਾਦ ਅਤੇ ਨਵੀਂ ਦਿੱਲੀ ਵਿਚਾਲੇ ਸੁਲਾਹ ਕਰਾਉਣਾ ਚਾਹੁੰਦਾ ਹੈ। ਪਾਕਿਸਤਾਨ ਵਿਚ ਦੋਸ਼ੀ ਕਰਾਰ ਦਿੱਤੇ ਗਏ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨਾਲ ਉਸ ਦੀ ਪਤਨੀ ਨੂੰ ਮਿਲਣ ਦੇਣ ਦੇ ਹੈਰਾਨ ਕਰਨ ਵਾਲੇ ਫੈਸਲੇ ਪਿਛੇ ਵੀ ਅਮਰੀਕੀ ਕੋਸ਼ਿਸ਼ ਮੰਨੀ ਜਾ ਰਹੀ ਹੈ। ਫਿਲਹਾਲ ਪਾਕਿਸਤਾਨ ਨੇ ਜਨਤਕ ਤੌਰ ਉੱਤੇ ਜ਼ੋਰ ਦੇ ਕੇ ਕਿਹਾ ਕਿ ਇਹ ਪੇਸ਼ਕਸ਼ ਪੂਰੀ ਤਰ੍ਹਾਂ ਮਨੁੱਖੀ ਆਧਾਰ ਉੱਤੇ ਕੀਤੀ ਗਈ।
ਭਾਰਤੀ ਨੇਵੀ ਦੇ ਸਾਬਕਾ ਅਧਿਕਾਰੀ ਜਾਧਵ ਨੂੰ ਜਾਸੂਸੀ ਅਤੇ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਰਹਿਣ ਦੇ ਕਥਿਤ ਜੁਰਮ ਵਿਚ ਫੀਲਡ ਕੋਰਟ ਮਾਰਸ਼ਲ ਨੇ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ ਕੋਈ ਅਧਿਕਾਰੀ ਇਹ ਸਵੀਕਾਰ ਨਹੀਂ ਕਰ ਰਿਹਾ ਕਿ ਜਾਧਵ ਉੱਤੇ ਫੈਸਲੇ ਅਤੇ ਕੰਟਰੋਲ ਰੇਖਾ ਉੱਤੇ ਝੜਪਾਂ ਵਿਚ ਆਈ ਕਮੀ ਦੇ ਤਾਰ ਅਮਰੀਕੀ ਕੋਸ਼ਿਸ਼ਾਂ ਨਾਲ ਜੁੜੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਕੋਈ ਸਿੱਟਾ ਨਿਕਲਣਾ ਅਜੇ ਜਲਦਬਾਜ਼ੀ ਹੈ, ਕਿਉਂਕਿ ਟਰੰਪ ਪ੍ਰਸ਼ਾਸਨ ਅਫਗਾਨਿਸਤਾਨ ਅਤੇ ਦੱਖਣੀ ਏਸ਼ੀਆ ਲਈ ਕੋਈ ਅਜਿਹਾ ਖਾਕਾ ਪੇਸ਼ ਕਰਨ ਵਿਚ ਹੁਣ ਵੀ ਸੰਘਰਸ਼ ਕਰ ਰਿਹਾ ਹੈ ਜਿਸ ਨਾਲ ਸਮੱਸਿਆ ਦਾ ਹਲ ਨਿਕਲ ਸਕੇ। ਫਿਲਹਾਲ ਅਧਿਕਾਰੀ ਨੇ ਸਾਫ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਦਰਮਿਆਨ ਲਗਾਤਾਰ ਤਣਾਅ ਕਾਇਮ ਰਹਿਣ ਨਾਲ ਅਮਰੀਕਾ ਦੀਆਂ ਕੋਸ਼ਿਸ਼ਾਂ ਯਕੀਨੀ ਤੌਰ ਉੱਤੇ ਕਮਜ਼ੋਰ ਪੈਣਗੀਆਂ।


Related News