ਫੇਸਬੁੱਕ ਨੂੰ ਝਟਕਾ, ਪ੍ਰਾਈਵੇਸੀ ਭੰਗ ਕਰਨ ਵਾਲੇ ਐਪਸ ਦਾ ਡਾਟਾ ਮੁਹੱਈਆ ਕਰਵਾਉਣ ਦਾ ਹੁਕਮ ਜਾਰੀ

01/18/2020 7:07:10 PM

ਨਿਊਯਾਰਕ- ਅਮਰੀਕਾ ਵਿਚ ਫੇਸਬੁੱਕ ਨੂੰ ਵੱਡਾ ਝਟਕਾ ਲੱਗਿਆ ਹੈ। ਅਮਰੀਕੀ ਅਦਾਲਤ ਦੇ ਇਕ ਜੱਜ ਨੇ ਫੇਸਬੁੱਕ ਨੂੰ ਹੁਕਮ ਜਾਰੀ ਕੀਤਾ ਹੈ ਕਿ ਉਹ ਉਹਨਾਂ ਹਜ਼ਾਰਾਂ ਐਪ ਦਾ ਡਾਟਾ ਪੁਲਸ ਨੂੰ ਦੇਵੇ, ਜਿਹਨਾਂ ਦੇ ਰਾਹੀਂ ਯੂਜ਼ਰਜ਼ ਦੀ ਪ੍ਰਾਈਵੇਸੀ ਦਾ ਉਲੰਘਣ ਕੀਤਾ ਗਿਆ ਹੈ। ਤਾਜ਼ਾ ਹੁਕਮ ਵਿਚ ਕੈਂਬ੍ਰਿਜ ਐਨਾਲਿਟਿਕਾ ਘੋਟਾਲੇ ਦੀ ਜਾਂਚ ਦੇ ਸਬੰਧ ਵਿਚ ਪਹਿਲਾਂ ਦਿੱਤੇ ਫੈਸਲੇ ਦੇ ਤਹਿਤ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਦਿੱਗਜ ਸੋਸ਼ਲ ਮੀਡੀਆ ਕੰਪਨੀ ਨੇ ਪਿਛਲੇ ਸਾਲ ਹੀ ਇਸ ਗੱਲ ਨੂੰ ਮੰਨਿਆ ਸੀ ਕਿ ਪ੍ਰਾਈਵੇਸੀ ਉਲੰਘਣ ਦੇ ਦੋਸ਼ਾਂ ਤੋਂ ਬਾਅਦ ਉਸ ਨੇ ਆਪਣੀ ਵਾਲ ਤੋਂ ਇਹਨਾਂ ਐਪਸ ਨੂੰ ਹਟਾ ਦਿੱਤਾ ਸੀ।

ਵਾਸ਼ਿੰਗਟਨ ਪੋਸਟ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਕ ਖਬਰ ਮੁਤਾਬਕ ਮੈਸਾਚਯੁਸੇਟਸ ਦੇ ਜੱਜ ਨੇ ਕੰਪਨੀ ਦੀਆਂ ਉਹਨਾਂ ਕੋਸ਼ਿਸ਼ਾਂ ਨੂੰ ਵੀ ਖਾਰਿਜ ਕਰ ਦਿੱਤਾ, ਜਿਸ ਵਿਚ ਉਸ ਨੇ ਅਹਿਮ ਦਸਤਾਵੇਜ਼ ਜਾਂਚਕਾਰਾਂ ਦੇ ਕੋਲ ਜਾਣ ਤੋਂ ਰੋਕਣ ਦੀ ਅਪੀਲ ਕੀਤੀ ਸੀ। ਫੇਸਬੁੱਕ ਦੇ ਬੁਲਾਰੇ ਐਂਡੀ ਸਟੋਨ ਨੇ ਕਿਹਾ ਕਿ ਅਸੀਂ ਇਸ ਗੱਲ ਤੋਂ ਨਿਰਾਸ਼ ਹਾਂ ਕਿ ਮੈਸਾਚਯੁਸੇਟਸ ਦੇ ਅਟਾਰਨੀ ਜਨਰਲ ਤੇ ਕੋਰਟ ਨੇ ਸਾਡੀਆਂ ਦਲੀਲਾਂ 'ਤੇ ਵਿਚਾਰ ਨਹੀਂ ਕੀਤਾ। ਅਸੀਂ ਇਸ ਹੁਕਮ ਦੇ ਖਿਲਾਫ ਹਾਈ ਕੋਰਟ ਵਿਚ ਅਪੀਲ ਸਣੇ ਹੋਰ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਾਂ।

ਮੈਸਾਚਯੁਸੇਟਸ ਦੇ ਡੈਮੋਕ੍ਰੇਟਿਕ ਅਟਾਰਨੀ ਜਨਰਲ ਮੌਰਾ ਹੇਲੇ ਨੇ ਕਿਹਾ ਕਿ ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਕੋਰਟ ਨੇ ਫੇਸਬੁੱਕ ਨੂੰ ਇਹ ਹੁਕਮ ਦਿੱਤਾ ਹੈ ਕਿ ਇਹ ਦੱਸੇ ਕਿ ਕਿਹੜੇ ਐਪ ਡਿਵਲਪਰ ਕੈਂਬ੍ਰਿਜ ਐਨਾਲਿਟਿਕਾ ਵਾਂਗ ਵਤੀਰਾ ਕਰ ਰਹੇ ਹਨ। ਉਧਰ ਕੈਂਬ੍ਰਿਜ ਐਨਾਲਿਟਿਕਾ ਮਾਮਲੇ ਨੂੰ ਸਾਹਮਣੇ ਲਿਆਉਣ ਵਾਲੇ ਵ੍ਹਿਸਲਬਲੋਅਰ ਬ੍ਰਿਟਨੀ ਕੈਸਰ ਇਸ ਨਾਲ ਜੁੜੇ ਕੁਝ ਨਵੇਂ ਤੱਥ ਸਾਹਮਣੇ ਲਿਆਏ ਹਨ। ਉਹਨਾਂ ਨੇ ਕਿਹਾ ਕਿ ਡਾਟਾ ਚੋਰੀ ਦਾ ਪਤਾ ਲਗਾਉਣ ਤੋਂ ਬਾਅਦ 2015 ਵਿਚ ਫੇਸਬੁੱਕ ਨੇ ਪਾਲਿਟਿਕਲ ਕੰਸਲਟੈਂਸੀ ਫਰਮ ਨੂੰ ਸਿਰਫ ਡਾਟਾ ਹਟਾਉਣ ਦੇ ਲਈ ਈ-ਮੇਲ ਦੇ ਰਾਹੀਂ ਅਪੀਲ ਕੀਤੀ ਸੀ ਤੇ ਲਾਪਰਵਾਹ ਤਰੀਕੇ ਨਾਲ ਇਸ ਸਬੰਧ ਵਿਚ ਪੁਸ਼ਟੀ ਕਰਨ ਲਈ ਕਿਹਾ ਸੀ।


Baljit Singh

Content Editor

Related News