ਅਮਰੀਕਾ: ਮੌਤ ਦੀ ਸਜ਼ਾ ਪਾਏ ਕੈਦੀ ਨੇ ਜ਼ਹਿਰੀਲੇ ਟੀਕੇ ਦੀ ਜਗ੍ਹਾ ਗੋਲੀ ਰਾਹੀਂ ਮਰਨ ਦੀ ਕੀਤੀ ਮੰਗ

Wednesday, Apr 21, 2021 - 04:55 PM (IST)

ਅਮਰੀਕਾ: ਮੌਤ ਦੀ ਸਜ਼ਾ ਪਾਏ ਕੈਦੀ ਨੇ ਜ਼ਹਿਰੀਲੇ ਟੀਕੇ ਦੀ ਜਗ੍ਹਾ ਗੋਲੀ ਰਾਹੀਂ ਮਰਨ ਦੀ ਕੀਤੀ ਮੰਗ

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਨੇਵਾਡਾ ਵਿੱਚ ਮੌਤ ਦੀ ਸਜ਼ਾ ਪਾਏ ਇੱਕ ਕੈਦੀ, ਜਿਸ ਨੂੰ ਸੰਭਾਵਿਤ ਤੌਰ 'ਤੇ ਜੂਨ ਮਹੀਨੇ ਵਿੱਚ ਇਹ ਸਜ਼ਾ ਦਿੱਤੀ ਜਾ ਸਕਦੀ ਹੈ, ਰਾਜ ਨੂੰ ਜ਼ਹਿਰੀਲੇ ਟੀਕੇ ਦੀ ਜਗ੍ਹਾ ਫਾਇਰਿੰਗ ਸਕੁਐਡ ਦੇ ਵਿਕਲਪ ਨੂੰ ਮੰਨ ਲੈਣ ਦੀ ਅਪੀਲ ਕਰ ਰਿਹਾ ਹੈ। ਜ਼ੇਨ ਮਾਈਕਲ ਫਲਾਈਡ ਨਾਮ ਦੇ ਇਸ ਕੈਦੀ ਦੇ ਅਟਾਰਨੀ ਨੇ ਦੱਸਿਆ ਕਿ ਉਹ ਮਾਰੂ ਟੀਕੇ ਦੀ ਵਰਤੋਂ ਕਰਨ ਦੀ ਰਾਜ ਦੀ ਯੋਜਨਾ ਨੂੰ ਚੁਣੌਤੀ ਦੇ ਰਿਹਾ ਹੈ, ਜਿਸ ਕਾਰਨ ਅਦਾਲਤ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। 

ਵਕੀਲਾਂ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਕਿਹਾ ਕਿ ਫਾਇਰਿੰਗ ਸਕੁਐਡ ਦੁਆਰਾ ਫਾਂਸੀ ਮੌਤ ਦੇ ਟੀਕੇ ਨਾਲੋਂ ਤੇਜ਼ ਅਤੇ ਘੱਟ ਦਰਦਨਾਕ ਮੌਤ ਦਾ ਕਾਰਨ ਬਣਦੀ ਹੈ। ਨੇਵਾਡਾ ਨੇ ਇੱਕ ਵਾਰ ਫਾਇਰਿੰਗ ਸਕੁਐਡਜ਼ ਦੀ ਆਗਿਆ ਦਿੱਤੀ ਸੀ ਪਰ ਰਾਜ ਦੇ ਕਾਨੂੰਨ ਵਿੱਚ ਹੁਣ ਮੌਤ ਦੀ ਸਜ਼ਾ ਵਿੱਚ ਜਾਨਲੇਵਾ ਟੀਕੇ ਲਗਾਉਣ ਦੀ ਹਦਾਇਤ ਹੈ। ਨੇਵਾਡਾ ਵਿਧਾਨ ਸਭਾ ਵਿੱਚ ਮੌਤ ਦੀ ਸਜ਼ਾ 'ਤੇ ਰੋਕ ਲਗਾਉਣ ਬਾਰੇ ਵਿਚਾਰ ਵੀ ਹੋ ਰਿਹਾ ਹੈ। ਅਜਿਹਾ ਕਰਨ ਵਾਲਾ ਬਿੱਲ ਪਿਛਲੇ ਹਫ਼ਤੇ ਅਸੈਂਬਲੀ 'ਚ ਪਾਸ ਕਰ ਦਿੱਤਾ ਗਿਆ ਸੀ ਅਤੇ ਰਾਜ ਦੀ ਸੈਨੇਟ ਨੂੰ ਭੇਜਿਆ ਗਿਆ ਸੀ। 

ਪੜ੍ਹੋ ਇਹ ਅਹਿਮ ਖਬਰ- ਸਿੱਖਾਂ ਵੱਲੋਂ ਫਲਾਇਡ ਦੀ ਹੱਤਿਆ 'ਤੇ ਅਦਾਲਤੀ ਫ਼ੈਸਲੇ ਦਾ ਸਵਾਗਤ, ਅਮਰੀਕਾ 'ਚ ਪੁਲਸ ਸੁਧਾਰ ਲਈ ਸੱਦੇ ਦਾ ਸਮਰਥਨ

ਅਮਰੀਕਾ ਦੇ ਤਿੰਨ ਰਾਜ ਮਿਸੀਸਿਪੀ, ਓਕਲਾਹੋਮਾ ਅਤੇ ਯੂਟਾਹ ਅਤੇ ਅਮਰੀਕਾ ਦੀ ਫੌਜ ਗੋਲੀਬਾਰੀ ਦੁਆਰਾ ਮੌਤ ਦੀ ਸਜ਼ਾ ਦੀ ਆਗਿਆ ਦਿੰਦੀ ਹੈ। ਇਹ ਤਰੀਕਾ ਆਖਰੀ ਵਾਰ  ਯੂਟਾਹ ਵਿੱਚ 2010 'ਚ ਵਰਤਿਆ ਗਿਆ ਸੀ। ਫਲਾਇਡ ਦੇ ਅਟਾਰਨੀ ਲਾਸ ਵੇਗਾਸ ਵਿੱਚ ਇੱਕ ਸੰਘੀ ਜੱਜ ਨੂੰ ਫਲਾਈਡ ਦੀ ਮੌਤ ਦੀ ਸਜ਼ਾ ਰੋਕਣ ਲਈ ਕਹਿ ਰਹੇ ਹਨ ਜਦੋਂ ਤੱਕ ਕਿ ਜੇਲ੍ਹ ਅਧਿਕਾਰੀ ਕਾਨੂੰਨੀ ਫਾਂਸੀ ਨੂੰ ਅੰਜ਼ਾਮ ਦੇਣ ਲਈ ਕੋਈ ਨਵੀਂ ਵਿਧੀ ਜਾਂ ਪ੍ਰਕਿਰਿਆ ਤਿਆਰ ਨਹੀਂ ਕਰਦੇ। ਇਸ 45 ਸਾਲਾ ਵਿਅਕਤੀ ਨੂੰ ਸਾਲ 2000 ਵਿੱਚ ਲਾਸ ਵੇਗਸ ਸੁਪਰ ਮਾਰਕੀਟ ਵਿੱਚ ਚਾਰ ਲੋਕਾਂ ਦੀ ਸ਼ਾਟਗਨ ਨਾਲ ਹੱਤਿਆ ਕਰਨ ਅਤੇ ਇੱਕ ਪੰਜਵਾਂ ਵਿਅਕਤੀ ਬੁਰੀ ਤਰ੍ਹਾਂ ਜ਼ਖਮੀ ਕਰਨ ਦਾ ਦੋਸ਼ੀ ਪਾਇਆ ਗਿਆ ਸੀ। 

ਫਲਾਇਡ ਪਿਛਲੇ ਨਵੰਬਰ ਵਿੱਚ ਆਪਣੀ ਸਜ਼ਾ ਸੰਬੰਧੀ ਅਪੀਲ ਲਈ ਪੇਸ਼ ਹੋਇਆ ਸੀ ਪਰ ਸੁਪਰੀਮ ਕੋਰਟ ਨੇ ਉਸ ਦੇ ਕੇਸ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਜਦਕਿ ਹੁਣ ਉਹ ਨੇਵਾਡਾ ਸਟੇਟ ਪਰਡਨਜ਼ ਬੋਰਡ ਦੀ 22 ਜੂਨ ਨੂੰ ਹੋਣ ਵਾਲੀ ਮੀਟਿੰਗ ਵਿੱਚ ਪ੍ਰਵਾਨਗੀ ਮੰਗਣ ਦਾ ਮੌਕਾ ਚਾਹੁੰਦਾ ਹੈ।ਫਲਾਈਡ 2006 ਤੋਂ ਬਾਅਦ ਨੇਵਾਡਾ ਵਿੱਚ ਫਾਂਸੀ ਦੀ ਸਜਾ ਭੁਗਤਣ ਵਾਲਾ ਪਹਿਲਾ ਵਿਅਕਤੀ ਹੋ ਸਕਦਾ ਹੈ ਅਤੇ ਰਾਜ ਦੇ ਸੁਧਾਰ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਨੇਵਾਡਾ ਵਿੱਚ 72 ਆਦਮੀ ਮੌਤ ਦੀ ਸਜ਼ਾ ਦੀ ਉਡੀਕ ਵਿੱਚ ਹਨ।


author

Vandana

Content Editor

Related News