ਅਮਰੀਕਾ : ਸਿਮਰਨਜੀਤ ਸਿੰਘ ਮਾਨ ਦੀ ਜਿੱਤ ਦੇ ਸ਼ੁਕਰਾਨੇ ਵਜੋਂ ਸਹਿਜ ਪਾਠ ਦੇ ਭੋਗ ਪਾਏ ਗਏ (ਤਸਵੀਰਾਂ)
Tuesday, Jul 19, 2022 - 11:16 AM (IST)
ਸਿਨਸਿਨਾਟੀ (ਰਾਜ ਗੋਗਨਾ)- ਬੀਤੇ ਦਿਨੀਂ ਅਮਰੀਕਾ ਦੇ ਸੂਬੇ ਓਹੀਓ ਦੇ ਸ਼ਹਿਰ ਸਿਨਸਿਨਾਟੀ ਦੇ ਗੁਰੂ ਨਾਨਕ ਸੋਸਾਇਟੀ ਆਫ ਗ੍ਰੇਟਰ ਸਿਨਸਿਨਾਟੀ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਸੰਗਰੂਰ ਜਿਮਨੀ ਚੋਣ ਹਲਕੇ ਤੋਂ 23 ਸਾਲਾਂ ਬਾਅਦ ਪਾਰਲੀਮੈਂਟ ਦੀ ਚੋਣ ਜਿੱਤਣ ਦੇ ਸ਼ੁਕਰਾਨੇ ਵਜੋਂ ਅਤੇ ਉਹਨਾਂ ਦੀ ਸਿਹਤਯਾਬੀ ਤੇ ਤੰਦਰੁਸਤੀ ਲਈ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਅਰਦਾਸ ਕੀਤੀ ਗਈ।
ਸੰਗਰੂਰ ਜ਼ਿਮਨੀ ਚੋਣ ਵਿਚ ਜਿੱਤ ਹਾਸਲ ਕਰਨ ’ਤੇ ਸਿਮਰਨਜੀਤ ਸਿੰਘ ਮਾਨ ਨੂੰ ਵਧਾਈ ਦਿੰਦਿਆਂ ਸੰਗਤ ਦੇ ਮੈਂਬਰਾਂ ਨੇ ਮਾਨ ਵੱਲੋਂ ਭਾਰਤ ਦੀ ਸੰਸਦ ਵਿਚ ਸਿੱਖ ਮਸਲੇ ਉਠਾਉਣ ਦੀ ਆਸ ਪ੍ਰਗਟ ਕੀਤੀ ਹੈ। ਵਿਦੇਸ਼ ਵਿੱਚ ਵੱਸੀਆਂ ਸਿੱਖ ਸੰਗਤਾਂ ਨੂੰ ਆਸ ਹੈ ਕਿ ਮੁੜ ਸੰਸਦ ਮੈਂਬਰ ਚੁਣੇ ਜਾਣ ‘ਤੇ ਪੰਜਾਬ ਅਤੇ ਖ਼ਾਸਕਰ ਸਿੱਖ ਕੌਮ ਨਾਲ ਸਬੰਧਤ ਮਸਲੇ ਜਿਨ੍ਹਾਂ ਪ੍ਰਤੀ ਦੇਸ਼ ਦੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਲੰਮੇ ਅਰਸੇ ਤੋਂ ਬੇਰੁਖੀ ਬਣੀ ਹੋਈ ਹੈ, ਉਨ੍ਹਾਂ ਦੇ ਹੱਲ ਲਈ ਸਿਮਰਨਜੀਤ ਸਿੰਘ ਮਾਨ ਵੱਲੋਂ ਆਵਾਜ਼ ਚੁੱਕੀ ਜਾਏਗੀ, ਜੋ ਕਿ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਸਾਂਝੀ ਜ਼ਿੰਮੇਵਾਰੀ ਵੀ ਹੈ।
ਪੜ੍ਹੋ ਇਹ ਅਹਿਮ ਖ਼ਬਰ- 46 ਸਾਲਾਂ 'ਚ ਇੰਝ ਨੀਲੇ ਤੋਂ ਲਾਲ ਹੁੰਦੀ ਗਈ 'ਧਰਤੀ', ਨਾਸਾ ਨੇ ਜਾਰੀ ਕੀਤਾ ਨਕਸ਼ਾ
ਮੌਜੂਦਾ ਸਮੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤਿ ਅਹਿਮ ਹੈ, ਕਿਉਂਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਸਰਕਾਰੀ ਐਲਾਨ ਦੇ ਬਾਵਜੂਦ ਜਾਣਬੁਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ।ਸਹਿਜ ਪਾਠ ਦੇ ਭੋਗ ਉਪਰੰਤ, ਗੁਰਦੁਆਰਾ ਸਾਹਿਬ ਦੇ ਕੀਰਤਨੀ ਜੱਥੇ ਮੁੱਖ ਗ੍ਰੰਥੀ ਭਾਈ ਅਮਰੀਕ ਸਿੰਘ, ਭਾਈ ਜੀਤ ਸਿੰਘ, ਭਾਈ ਨਿਰਮਲ ਸਿੰਘ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਪ੍ਰਬੰਧਕ ਕਮੇਟੀ ਨੇ ਪਾਠ ਅਤੇ ਲੰਗਰ ਦੀ ਸੇਵਾ ਕਰਨ ਲਈ ਸੇਵਾਦਾਰਾਂ ਅਤੇ ਸੰਗਤ ਦਾ ਧੰਨਵਾਦ ਕੀਤਾ।