ਕੋਰੋਨਾ ਦੇ ਕਹਿਰ ''ਚ ਨਿਊਯਾਰਕ ''ਚ ਰਿਹਾਅ ਕੀਤੇ ਜਾਣਗੇ 300 ਤੋਂ ਵਧੇਰੇ ਕੈਦੀ

03/27/2020 10:38:18 AM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਕੋਵਿਡ-19 ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ 375 ਕੈਦੀ ਜੇਲ ਵਿਚੋਂ ਰਿਹਾਅ ਕੀਤੇ ਜਾਣਗੇ। ਇਸ ਗੱਲ ਦੀ ਜਾਣਕਾਰੀ ਨਿਊਯਾਰਕ ਦੇ ਮੇਅਰ ਬਿਲ ਡੇ ਬਲਾਸਿਓ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਦਿੱਤੀ। ਉਹਨਾਂ ਨੇ ਕਿਹਾ,''ਅੱਜ ਦਿਨ ਦੀ ਸਮਾਪਤੀ ਤੱਕ ਅਸੀਂ 200 ਤੋਂ 375 ਕੈਦੀ ਰਿਹਾਅ ਕਰਨ ਜਾ ਰਹੇ ਹਾਂ।'' ਇਸ ਤੋਂ ਪਹਿਲਾਂ ਅਹਿੰਸਕ ਵਾਰਦਾਤਾਂ ਵਿਚ ਇਕ ਸਾਲ ਤੋਂ ਘਟ ਦੀ ਸਜ਼ਾ ਪਾਏ 200 ਕੈਦੀਆਂ ਨੂੰ ਬੁੱਧਵਾਰ ਨੂੰ ਰਿਹਾਅ ਕੀਤਾ ਗਿਆ ਸੀ। 

ਬਿਲ ਨੇ ਕਿਹਾ ਕਿ ਇਸ ਦੇ ਨਾਲ ਪੈਰੋਲ ਦੀ ਉਲੰਘਣਾ ਕਰਨ ਵਾਲੇ 700 ਕੈਦੀਆਂ ਨੂੰ ਰਿਹਾਅ ਕਰਨ ਦੀ ਸਿਫਾਰਿਸ਼ ਹਫਤੇ ਦੇ ਸ਼ੁਰੂ ਵਿਚ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਗਲੋਬਲ ਮਹਾਮਾਰੀ ਕੋਵਿਡ-19 ਨੇ ਨਿਊਯਾਰਕ ਸ਼ਹਿਰ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ। ਹੁਣ ਤੱਕ ਇੱਥੇ 281 ਲੋਕਾਂ ਦੀ ਜਾਨ ਇਸ ਵਾਇਰਸ ਕਾਰਨ ਜਾ ਚੁੱਕੀ ਹੈ ਅਤੇ 21,873 ਲੋਕ ਇਨਫੈਕਟਿਡ ਹਨ। ਪਿਛਲੇ ਸਾਲ ਦੇ ਅਖੀਰ ਵਿਚ ਚੀਨ ਤੋਂ ਸ਼ੁਰੂ ਹੋਇਆ ਕੋਰੋਨਾਵਾਇਰਸ ਦਾ ਇਨਫੈਕਸ਼ਨ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ। 

ਅਮਰੀਕਾ 'ਚ ਸਭ ਤੋਂ ਵੱਧ ਮਾਮਲੇ
ਕੋਰੋਨਾ ਦੇ ਸਭ ਤੋਂ ਵੱਧ ਪੌਜੀਟਿਵ ਮਾਮਲਿਆਂ ਵਿਚ ਅਮਰੀਕਾ ਪਹਿਲੇ ਸਥਾਨ 'ਤੇ ਪਹੁੰਚ ਗਿਆ ਹੈ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਅਮਰੀਕਾ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 85,594 ਹੋ ਗਈ ਹੈ। ਤਕਰੀਬਨ 33 ਕਰੋੜ ਦੀ ਆਬਾਦੀ ਵਾਲੇ ਅਮਰੀਕਾ ਨੇ ਕੋਰੋਨਾਵਾਇਰਸ ਦੇ ਮਰੀਜ਼ਾਂ ਦੇ ਮਾਮਲੇ ਵਿਚ ਚੀਨ ਅਤੇ ਇਟਲੀ ਨੂੰ ਪਿੱਛੇ ਛੱਡ ਦਿੱਤਾ ਹੈ। ਇੱਥੇ ਦੱਸ ਦਈਏ ਕਿ ਇਸ ਬੀਮਾਰੀ ਕਾਰਨ ਯੂਰਪ ਅਥੇ ਨਿਊਯਾਰਕ ਦੀਆਂ ਸਿਹਤ ਸੇਵਾਵਾਂ ਢਹਿ-ਢੇਰੀ ਹੋ ਗਈਆਂ ਹਨ। ਅਮਰੀਕਾ ਵਿਚ ਕਾਰੋਬਾਰੀਆਂ, ਹਸਪਤਾਲਾਂ ਅਤੇ ਸਧਾਰਨ ਨਾਗਰਿਕਾਂ ਦੀ ਮਦਦ ਕਰਨ ਲਈ ਬੇਮਿਸਾਲ 2,200 ਅਰਬ ਡਾਲਰ ਦੇ ਆਰਥਿਕ ਪੈਕੇਜ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਯੋਜਨਾ ਵਿਚ ਹਰ ਬਾਲਗ ਨੂੰ 1200 ਡਾਲਰ ਅਤੇ ਬੱਚਿਆਂ ਨੂੰ 500 ਡਾਲਰ ਦਿੱਤੇ ਜਾਣਗੇ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਦੇ ਮਰੀਜ਼ਾਂ ਨੂੰ ਇਹ ਖੁਰਾਕ ਲੈਣ ਨਾਲ ਹੋ ਰਿਹੈ ਫਾਇਦਾ

ਗੌਰਤਲਬ ਹੈ ਕਿ ਦੁਨੀਆ ਭਰ ਵਿਚ ਘੱਟੋ-ਘੱਟ 2.8 ਅਰਬ ਲੋਕ ਮਤਲਬ ਇਕ ਤਿਹਾਈ ਤੋਂ ਵੱਧ ਆਬਾਦੀ 'ਤੇ ਲੌਕਡਾਊਨ ਕਾਰਨ ਯਾਤਰਾ ਕਰਨ 'ਤੇ ਰੋਕ ਲੱਗੀ ਹੋਈ ਹੈ। ਉੱਧਰ ਵਿਸ਼ਵ ਸਿਹਤ ਸੰਗਠਨ ਨੇ ਵਾਇਰਸ ਵਿਰੁੱਧ ਲੜਾਈ ਵਿਚ ਕੀਮਤੀ ਸਮਾਂ ਬਰਬਾਦ ਕਰਨ ਲਈ ਦੁਨੀਆ ਦੇ ਨੇਤਾਵਾਂ ਨੂੰ ਫਟਕਾਈ ਲਗਾਈ ਅਤੇ ਕਿਹਾ ਕਿ ਅਸੀਂ ਪਹਿਲੇ ਮੌਕੇ ਨੂੰ ਗਵਾ ਦਿੱਤਾ ਅਤੇ ਹੁਣ ਇਹ ਦੂਜਾ ਮੌਕਾ ਹੈ ਜਿਸ ਨੂੰ ਗਵਾਉਣਾ ਨਹੀਂ ਚਾਹੀਦਾ। ਇਸ ਬੀਮਾਰੀ ਕਾਰਨ 24,000 ਤੋਂ ਵਧੇਰੇ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 


Vandana

Content Editor

Related News